ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਸੀਚੇਵਾਲ ਵੱਲੋਂ ਆਰੰਭੀ ਕਾਰਸੇਵਾ ਜੰਗੀ ਪੱਧਰ 'ਤੇ ਜਾਰੀ

Saturday, Feb 15, 2020 - 12:43 PM (IST)

ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਸੀਚੇਵਾਲ ਵੱਲੋਂ ਆਰੰਭੀ ਕਾਰਸੇਵਾ ਜੰਗੀ ਪੱਧਰ 'ਤੇ ਜਾਰੀ

ਸੁਲਤਾਨਪੁਰ ਲੋਧੀ (ਅਸ਼ਵਨੀ)— ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਭਵਿੱਖ 'ਚ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਸ਼ੁਰੂ ਕੀਤੀ ਕਾਰਸੇਵਾ ਜੰਗੀ ਪੱਧਰ 'ਤੇ ਜਾਰੀ ਹੈ। ਯਾਦ ਰਹੇ ਕਿ 25 ਨਵੰਬਰ 2019 ਨੂੰ ਡੀ. ਸੀ. ਜਲੰਧਰ ਵਰਿੰਦਰ ਸ਼ਰਮਾ ਨਾਲ ਮੁਲਾਕਾਤ ਕਰਦੇ ਮੰਗ ਕੀਤੀ ਸੀ ਕਿ ਗਿੱਦੜਪਿੰਡੀ 'ਚ ਰੇਲਵੇ ਪੁਲ ਦੇ ਹੇਠਾਂ ਦਰਿਆ ਸਤਲੁਜ ਦੀ ਉੱਚੀ ਹੋ ਚੁੱਕੀ ਬੈਲਟ ਦੀ ਮਿੱਟੀ ਨੂੰ ਹਟਾਉਣ ਦਾ ਕੰਮ ਸੂਬਾ ਸਰਕਾਰ ਵੱਲੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ। ਡੀ. ਸੀ. ਨਾਲ ਮੁਲਾਕਾਤ ਮੌਕੇ ਜ਼ਿਲਾ ਜਲੰਧਰ ਦੇ ਨਾਲ-ਨਾਲ ਜ਼ਿਲਾ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਨਾਲ ਸਬੰਧਤ ਲੋਕਾਂ, ਜਿਨ੍ਹਾਂ 'ਚ ਜ਼ਿਆਦਾਤਰ ਅਗਸਤ ਅਤੇ ਸਤੰਬਰ 'ਚ ਹੜ੍ਹ ਪ੍ਰਭਾਵਿਤ ਸਨ, ਨੇ ਡੀ. ਸੀ. ਸ਼ਰਮਾ ਨਾਲ ਮੁਲਾਕਾਤ ਕਰਦੇ ਜਾਣੂ ਕਰਵਾਇਆ ਸੀ ਕਿ ਗਿੱਦੜਪਿੰਡੀ 'ਚ ਦਰਿਆ ਸਤਲੁਜ ਦੇ ਰੇਲਵੇ ਬ੍ਰਿਜ ਦੇ ਹੇਠਾਂ ਜਮ੍ਹਾ ਮਿੱਟੀ ਦੀ ਬਹੁਤ ਪਰਤ ਉੱਚੀ ਹੋਣ ਕਾਰਨ ਸਤਲੁਜ ਦਾ ਪਾਣੀ ਬਰਸਾਤ ਦੇ ਦਿਨਾਂ 'ਚ ਹੜ੍ਹ ਦਾ ਰੂਪ ਧਾਰਨ ਕਰਕੇ ਤਬਾਹੀ ਮਚਾਉਣ ਦਾ ਕਾਰਨ ਬਣ ਰਿਹਾ ਹੈ। ਉਧਰ ਜਦੋਂ ਇਕ ਮਹੀਨੇ ਤੋਂ ਬਾਅਦ ਵੀ ਗਿੱਦੜਪਿੰਡੀ ਪੁਲ ਹੇਠਾਂ ਦਰਿਆ ਦੇ ਬੈੱਡ ਨੂੰ ਹਟਾਉਣ ਦਾ ਕੰਮ ਸਰਕਾਰੀ ਪੱਧਰ 'ਤੇ ਸ਼ੁਰੂ ਨਹੀਂ ਹੋ ਸਕਿਆ ਤਾਂ ਹੜ੍ਹ ਪੀੜਤਾਂ ਅਤੇ ਇਲਾਕਾ ਵਾਸੀਆਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਗੇ ਫਰਿਆਦ ਕਰਕੇ ਉਨ੍ਹਾਂ ਨੂੰ ਸਤਲੁਜ ਦੀ ਸਫਾਈ ਦੀ ਕਾਰਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ।

ਬਿਨਾਂ ਸਮਾਂ ਗਵਾਏ ਸ਼ੁਰੂ ਕਰਵਾਈ ਸੰਤ ਸੀਚੇਵਾਲ ਨੇ ਕਾਰ ਸੇਵਾ
ਜਿਸ ਤੋਂ ਬਾਅਦ ਸੰਤ ਸੀਚੇਵਾਲ ਨੇ ਬਿਨਾਂ ਸਮਾਂ ਗਵਾਏ ਸੰਗਤਾਂ ਨਾਲ ਮੌਕੇ 'ਤੇ ਪੁੱਜ ਕੇ ਅਰਦਾਸ ਤੋਂ ਬਾਅਦ ਕਾਰਸੇਵਾ ਦਾ ਕੰਮ ਆਰੰਭ ਕਰਾ ਦਿੱਤਾ। ਪਤਾ ਲੱਗਾ ਹੈ ਕਿ ਗਿੱਦੜਪਿੰਡੀ ਦੇ ਇਸ ਰੇਲਵੇ ਪੁਲ ਹੇਠਾਂ 21 ਦਰੇ ਹਨ। ਹਾਲਤ ਇਹ ਹੈ ਕਿ ਪੁਲ ਹੇਠਾਂ ਸਫਾਈ ਨਾ ਹੋਣ ਕਰਕੇ ਮਿੱਟੀ ਦਾ ਪੱਧਰ ਇੰਨਾ ਕੁ ਉੱਚਾ ਹੋ ਚੁੱਕਾ ਸੀ ਕਿ ਉਥੇ ਇਕ ਨਾਰਮਲ ਕੱਦ ਵਾਲਾ ਵਿਅਕਤੀ ਆਰਾਮ ਨਾਲ ਪੁਲ ਨੂੰ ਛੂਹ ਸਕਦਾ ਸੀ। ਉਧਰ ਕਾਰਸੇਵਾ ਕਾਰਜਾਂ 'ਚ ਜੁਟੇ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਭਵਿੱਖ 'ਚ ਹੜ੍ਹ ਦੇ ਪਾਣੀ ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਰੋਕਣ ਲਈ ਕਾਰਸੇਵਾ ਆਰੰਭ ਕਰਨਾ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਕਿਹਾ ਕਿ ਹੜ੍ਹ ਕਾਰਣ ਹੋਣ ਵਾਲੇ ਉਜਾੜੇ ਨੂੰ ਰੋਕਣ ਵਾਸਤੇ ਇਹ ਸੁਨਿਸਚਿਤ ਕਰਨ ਲਈ ਜ਼ਰੂਰੀ ਸੀ ਕਿ ਵਧੇਰੇ ਪਾਣੀ, ਜੇ ਕੋਈ ਹੈ, ਬਿਨਾਂ ਕਿਸੇ ਰੁਕਾਵਟ ਦੇ ਇਸ ਦੇ ਤਲ ਤੋਂ ਸੁਵਿਧਾ ਨਾਲ ਲੰਘੇ।

PunjabKesari

ਉਨ੍ਹਾਂ ਕਿਹਾ ਕਿ ਸਤਲੁਜ ਦੇ ਤੱਲ ਨੂੰ ਰੀਚਾਰਜ ਪੱਧਰ ਤਕ ਸਾਫ ਕਰਨ ਅਤੇ ਇਸ ਦੇ ਕੁਦਰਤੀ ਦਾਅਰੇ 'ਤੇ ਵਹਿਣ ਦਾ ਵਿਸ਼ਾਲ ਹੋਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਇਹ ਸੁਨਿਸਚਿਤ ਕੀਤਾ ਗਿਆ ਕਿ ਸਤਲੁਜ 'ਤੇ ਧੁੱਸੀ ਬੰਨ੍ਹ ਨੂੰ ਅਗਲੇ ਹੜ੍ਹਾਂ ਤੋਂ ਬਚਾਉਣ ਲਈ ਹੋਰ ਮਜ਼ਬੂਤ ਕਰਨ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਦਰਿਆ ਦੀ ਸਫਾਈ ਨਾਲ ਜਿੱਥੇ ਧਰਤੀ ਹੇਠਾਂ ਪਾਣੀ ਦਾ ਪੱਧਰ ਉੱਚਾ ਚੁੱਕਣ 'ਚ ਮਦਦਗਾਰ ਸਿੱਧ ਹੋਵੇਗਾ ਉਥੇ ਹੜ੍ਹਾਂ ਦੀਆਂ ਸੰਭਾਵਨਾਵਾਂ ਘੱਟ ਹੋਣ, ਸਰਕਾਰੀ ਖਜ਼ਾਨੇ ਅਤੇ ਹੜ੍ਹਾਂ ਦੇ ਕਾਰਨ ਖਰਾਬੇ ਦੇ ਰੂਪ 'ਚ ਪੈਣ ਵਾਲ ਆਰਥਿਕ ਬੋਝ ਵੀ ਘਟੇਗਾ।

ਕਿਸਾਨਾਂ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਸ਼ੁਰੂ ਕੀਤਾ ਗਿਆ ਇਹ ਕਾਰਜ ਯਕੀਨਨ ਇਕ ਦਿਨ ਦੇਸ਼ ਦੀਆਂ ਹਾਕਮ ਸਰਕਾਰਾਂ ਲਈ ਬਾਕੀ ਦਰਿਆਵਾਂ ਨੂੰ ਵੀ ਕਬਜ਼ਿਆਂ ਤੋਂ ਮੁਕਤ ਕਰਵਾਉਣ ਅਤੇ ਪਾਣੀ ਦੇ ਪੱਧਰ ਨੂੰ ਧਰਤੀ ਹੇਠੋਂ ਉੱਚਾ ਚੁੱਕਣਾ ਰੋਲ ਮਾਡਲ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਮਾਰ ਤੋਂ ਬਚਣ ਵਾਸਤੇ ਕਿਸਾਨਾਂ ਨੂੰ ਸਰਕਾਰਾਂ ਦੇ ਮੂੰਹ ਝਾਕਣ ਦੀ ਥਾਂ ਤੇ ਆਪਣੇ ਇਲਾਕਿਆਂ ਅੰਦਰ ਦਰਿਆਵਾਂ ਅਤੇ ਡਰੇਨਾਂ ਨੂੰ ਸਾਫ ਕਰਨ ਦੇ ਕਾਰਜਾਂ 'ਚ ਲੱਗ ਜਾਣਾ ਚਾਹੀਦਾ ਹੈ। ਕੁਝ ਇਕ ਦਾ ਕਹਿਣਾ ਸੀ ਹੜ੍ਹਾਂ ਤੋਂ ਬਾਅਦ ਖਰਾਬਿਆਂ ਦੇ ਨਾਂ ਅਤੇ ਹੁਣ ਤਕ ਅਨੇਕਾਂ ਘੋਟਾਲੇ ਹੋ ਚੁੱਕੇ ਹਨ। ਬਹੁਤੀ ਵਾਰੀ ਤਾਂ ਇੰਝ ਵੀ ਹੋਇਆ ਕਿ ਜਿੱਥੇ ਹੜ੍ਹ ਦੇ ਪਾਣੀ ਦੀ ਇਕ ਬੂੰਦ ਵੀ ਨਹੀਂ ਪਈ ਹੁੰਦੀ ਉੱਥੇ ਪੂਰੇ ਦਾ ਪੂਰਾ ਪਿੰਡ ਹੜ੍ਹਾਂ ਦੀ ਮਾਰ ਹੇਠ ਵਿਖਾਕੇ ਸਰਕਾਰੀ ਖਜ਼ਾਨੇ 'ਚੋਂ ਖਰਾਬੇ ਦੇ ਪੈਸੇ ਲੈ ਲਏ ਜਾਂਦੇ ਹਨ। ਹੁਣ ਤੱਕ ਦੀਆਂ ਸਰਕਾਰਾਂ ਨੇ ਜਿੰਨੇ ਰੁਪਏ ਹੜ੍ਹਾਂ ਦੀ ਬਰਬਾਦੀ ਤੋਂ ਪਾਣੀ ਵਾਂਗ ਬਹਾ ਦਿੱਤੇ ਹਨ, ਉਨ੍ਹਾਂ ਨਾਲ ਪੂਰੇ ਦੇਸ਼ ਅੰਦਰ ਸੌ ਸਾਲਾਂ ਤਕ ਪਿੰਡ-ਪਿੰਡ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲਾਂ ਦਾ ਨਿਰਮਾਣ ਕਰਕੇ ਲੋਕਾਂ ਨੂੰ ਫ੍ਰੀ ਵਿਚ ਸਿਹਤ ਸਹੂਲਤਾਂ ਵੰਡੀਆਂ ਜਾ ਸਕਦੀਆਂ ਸਨ।


author

shivani attri

Content Editor

Related News