ਚਾਰ ਦਿਨਾਂ ''ਚ ਟੋਏ ਪੂਰਨ ਲਈ ਲੱਗ ਗਿਆ 13 ਲੱਖ ਦਾ ਡੀਜ਼ਲ

09/27/2019 7:22:58 PM

ਸੁਲਤਾਨਪੁਰ ਲੋਧੀ: ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੰਡ ਜਾਣੀਆ ਚਾਹਲ 'ਚ ਕਿਸਾਨਾਂ ਦੀ ਹੜ੍ਹ ਨਾਲ ਬਰਬਾਦ ਹੋਈ ਜ਼ਮੀਨ ਨੂੰ ਪੱਧਰਾ ਕਰਨ ਦੀ ਚੱਲ ਰਹੀ ਕਾਰ ਸੇਵਾ ਚੌਥੇ ਦਿਨ 'ਚ ਸ਼ਾਮਲ ਹੋ ਗਈ ਹੈ। ਇੰਨ੍ਹਾਂ ਚਾਰ ਦਿਨਾਂ 'ਚ 530 ਟ੍ਰੈਕਟਰ ਚੱਲਦੇ ਰਹੇ ਤੇ 13 ਲੱਖ ਤੋਂ ਵੱਧ ਦੇ ਡੀਜ਼ਲ ਦੀ ਖਪਤ ਹੋ ਚੁੱਕੀ ਹੈ। ਸਾਲ 1988 'ਚ ਆਏ ਹੜ੍ਹਾਂ ਦੌਰਾਨ ਪਏ ਟੋਏ ਅੱਜ ਤੱਕ ਨਹੀਂ ਪੂਰ ਹੋਏ ਹਨ।

PunjabKesari

ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਆਏ ਹੜ੍ਹਾਂ ਨਾਲ ਜਾਣੀਆ ਚਾਹਲ ਨੇੜੇ ਧੁੱਸੀ ਬੰਨ 'ਚ 175 ਮੀਟਰ ਪਾੜ ਪੈ ਗਿਆ ਸੀ । ਹੜ੍ਹਾਂ ਦੇ ਮੂੰਹ ਜ਼ੋਰ ਹੋਏ ਪਾਣੀ ਨਾਲ 50 ਫੁੱਟ ਡੂੰਘੇ ਟੋਏ ਪੈ ਗਏ ਸਨ ਤੇ ਇਸ ਦੀ ਮਿੱਟੀ 100 ਤੋਂ ਵੱਧ ਏਕੜਾਂ 'ਚ ਫੈਲ ਗਈ ਸੀ। ਜਿਹੜੇ ਕਿਸਾਨ ਭਰਾਵਾਂ ਦੀ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ, ਉਨ੍ਹਾਂ 'ਚੋਂ ਕਿਸਾਨ ਮੇਜਰ ਸਿੰਘ ਦਾ ਕਹਿਣਾ ਸੀ ਕਿ ਜ਼ਮੀਨ ਪੱਧਰੀ ਕਰਵਾਉਣ ਲਈ ਜੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪਹਿਲ ਕਦਮੀ ਨਾ ਕਰਦੇ ਤਾਂ ਉਨ੍ਹਾਂ ਦੀ ਇੱਕ ਪੀੜ੍ਹੀ ਲੱਗ ਜਾਣੀ ਸੀ ਟੋਏ ਪੂਰਨ ਲਈ। ਉਨ੍ਹਾਂ ਦੱਸਿਆ ਕਿ ਪਿੰਡ ਮੰਡਾਲਾ ਤੇ ਗੋਇੰਦਵਾਲ ਸਮੇਤ ਹੋਰ ਥਾਵਾਂ 'ਤੇ ਜਿਹੜੇ 1988 ਦੇ ਹੜ੍ਹਾਂ 'ਚ ਟੋਏ ਪਏ ਸਨ, ਉਹ ਅੱਜ ਤੱਕ ਨਹੀਂ ਪੂਰ ਹੋਏ।

PunjabKesari

ਜ਼ਮੀਨ ਪੱਧਰੀ ਕਰਨ ਲਈ ਆ ਰਹੇ ਟ੍ਰੈਕਟਰਾਂ 'ਚ ਡੀਜ਼ਲ ਪਾਉਣ ਦੇ ਕੰਮ ਨੂੰ ਦੇਖ ਰਹੇ ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਅੱਜ 106 ਟ੍ਰੈਕਟਰ ਇਸ ਕਾਰ ਸੇਵਾ 'ਚ ਲੱਗੇ ਹੋਏ ਸਨ ਤੇ ਹੁਣ ਤੱਕ ਚਾਰ ਦਿਨਾਂ 'ਚ 530 ਤੋਂ ਵੱਧ ਟ੍ਰੈਕਟਰ ਜ਼ਮੀਨ ਪੱਧਰੀ ਕਰਨ ਦੀ ਚੱਲ ਰਹੀ ਕਾਰ ਸੇਵਾ 'ਚ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਜ਼ਮੀਨ ਪੱਧਰੀ ਕਰਕੇ ਦੇਣ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ, ਜਿਸ 'ਚ ਪੰਜਾਬ ਭਰ ਤੋਂ ਲੋਕ ਆ ਕੇ ਸੇਵਾ ਕਰ ਰਹੇ ਹਨ। ਫਿਰੋਜ਼ਪੁਰ ਤੋਂ ਪ੍ਰਦੀਪ ਸਿੰਘ ਤੇਗਾ ਸਿੰਘ ਵਾਲਾ ਤੋਂ ਪੰਜ ਟ੍ਰੈਕਟਰ, ਜਾਣੀਆ ਚਾਹਲ ਤੋਂ 15 ਟ੍ਰੈਕਟਰ ਤੇ ਜਗਰਾਓਂ ਤੋਂ ਤੀਜੇ ਦਿਨ ਵੀ ਟ੍ਰੈਕਟਰ ਆਏ ਸਨ। ਫਰੀਦਕੋਟ ਦੇ ਪਿੰਡ ਕੰਮੇਆਣਾ ਤੋਂ ਦੋ ਟ੍ਰੈਕਟਰ ਆਏ ਹਨ ਤੇ ਪਹਿਲੇ ਦਿਨ ਇੱਥੋਂ 15 ਟ੍ਰੈਕਟਰ ਆਏ ਸਨ। ਰਾਈਵਾਲ ਦੋਨਾ ਦੇ ਸਰਪੰਚ ਬਲਬੀਰ ਸਿੰਘ ਆਪਣੇ ਨਾਲ 9 ਟ੍ਰੈਕਟਰ ਲੈ ਕੇ ਆਏ ਸਨ ਤੇ ਚੱਕ ਚੇਲਾ ਤੋਂ ਸਰਪੰਚ ਜੋਗਾ ਸਿੰਘ ਪਹਿਲੇ ਦਿਨ ਤੋਂ ਹੀ 16 ਟ੍ਰੈਕਟਰ ਜ਼ਮੀਨ ਪੱਧਰੀ ਕਰਵਾਉਣ ਲਈ ਲੈ ਕੇ ਆ ਰਹੇ ਹਨ।ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਮੁਸੀਬਤ ਦੀ ਇਸ ਘੜੀ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਇੱਕਜੁਟਤਾ ਨਾਲ ਪੀੜਤ ਕਿਸਾਨਾਂ ਦੀ ਮੱਦਦ ਕੀਤੀ ਹੈ, ਉਹ ਆਪਣੇ ਆਪ ਵਿੱਚ ਹੀ ਇੱਕ ਵੱਡੀ ਮਿਸਾਲ ਹੈ। ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਜ਼ਮੀਨ ਪੱਧਰੀ ਕਰਨ ਦਾ ਕੰਮ ਜੇ ਛੇਤੀ ਸ਼ੁਰੂ ਨਾ ਕਰਦੇ ਤਾਂ ਕਿਸਾਨਾਂ ਨੇ ਕਣਕ ਬੀਜਣ ਲਈ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦੇਣੀ ਸੀ ਤਾਂ ਫਿਰ ਦੂਰੋਂ ਮਿੱਟੀ ਲਿਆਉਣੀ ਔਖੀ ਹੋ ਜਾਣੀ ਸੀ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਡੇਰਾ ਹਰਜੀ ਸਾਹਿਬ ਤੋਂ ਸੰਤ ਅਮਰੀਕ ਸਿੰਘ ਖੁਖਰੈਣ ਸੁਰਜੀਤ ਸਿੰਘ ਸ਼ੰਟੀ ਸਮੇਤ ਇਲਾਕੇ ਦੇ ਮੋਹਤਬਰ ਸੱਜਣ ਹਾਜ਼ਰ ਸਨ।


Related News