ਜਗਮੇਲ ਦੀ ਪਤਨੀ ਨੇ ਰੋਂਦੇ ਹੋਏ ਸੁਣਾਇਆ ਦੁੱਖੜਾ, ਕਿਹਾ-ਨਹੀਂ ਚੁੱਕਾਂਗੇ ਲਾਸ਼ (ਵੀਡੀਓ)

11/18/2019 5:17:49 PM

ਮੋਹਾਲੀ/ਸੰਗਰੂਰ— ਬੀਤੇ ਦਿਨੀਂ ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਜਿੱਥੇ ਪਰਿਵਾਰ ਵੱਲੋਂ ਮੋਹਾਲੀ ਵਿਖੇ ਪੀ. ਜੀ. ਆਈ. ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਪਰਿਵਾਰ ਨੇ ਉਕਤ ਨੌਜਵਾਨ ਦੀ ਲਾਸ਼ ਘਰ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਹੈ। 
ਰੋਂਦੇ ਹੋਏ ਪਤਨੀ ਨੇ ਸੁਣਾਇਆ ਦੁੱਖੜਾ, 50 ਲੱਖ ਦੀ ਮੰਗ 'ਤੇ ਅੜਿਆ ਪਰਿਵਾਰ 
ਪਤਨੀ ਨੇ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਉਸ ਦੇ ਪਤੀ ਨੂੰ ਘਰ ਬੁਲਾਇਆ ਅਤੇ ਫਿਰ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਦੇ ਪਤੀ ਨੂੰ ਮੁਲਜ਼ਮਾਂ ਨੇ ਥੰਮ ਨਾਲ ਬੰਨ੍ਹ ਕੇ ਪਲਾਸਾਂ ਨਾਲ ਉਸ ਦਾ ਮਾਸ ਨੋਚਿਆ ਗਿਆ ਸੀ। ਇਸ ਦੇ ਨਾਲ ਹੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਰਕੇ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਖਿਲਾਫ ਪਹਿਲਾਂ ਕਾਰਵਾਈ ਕੀਤੀ ਹੁੰਦੀ ਤਾਂ ਉਸ ਦਾ ਪਤੀ ਅੱਜ ਮੌਤ ਦੇ ਮੂੰਹ 'ਚ ਨਾ ਜਾਂਦਾ। ਉਸ ਨੇ ਕਿਹਾ ਕਿ ਜਦੋਂ ਤੱਕ ਇਨਲਾਫ ਨਹੀਂ ਮਿਲਦਾ, ਉਦੋਂ ਤੱਕ ਉਹ ਲਾਸ਼ ਨੂੰ ਘਰ ਨਹੀਂ ਲੈ ਕੇ ਜਾਣਗੇ।

PunjabKesari

ਪ੍ਰਦਰਸ਼ਨ ਦੌਰਾਨ ਉਸ ਨੇ ਕਿਹਾ ਕਿ ਭਾਵੇਂ ਲਾਸ਼ ਇਥੇ 2 ਸਾਲ ਤੱਕ ਪਈ ਰਹੇ ਅਸੀਂ ਲਾਸ਼ ਨੂੰ ਘਰ ਨਹੀਂ ਲੈ ਕੇ ਜਾਵਾਂਗਾ ਅਤੇ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰੇਗੀ। ਸਰਕਾਰ ਨੂੰ ਮੰਗ ਕਰਦੇ ਹੋਏ ਉਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ 50 ਲੱਖ ਰੁਪਇਆ ਦੇਵੇ ਅਤੇ ਨਾਲ ਹੀ ਇਕ ਸਰਕਾਰੀ ਨੌਕਰੀ ਦੇਵੇ। ਉਸ ਕਿਹਾ ਕਿ ਸਾਡੀਆਂ ਦੋਵੇਂ ਮੰਗਾਂ ਨੂੰ ਸਰਕਾਰ ਲਿਖਤੀ ਰੂਪ 'ਚ ਲਿਖ ਕੇ ਦੇਵੇ ਅਤੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਵੇ। ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨੂੰ ਪੂਰੀਆਂ ਨਹੀਂ ਕਰਦੀ, ਉਹ ਉਦੋਂ ਤੱਕ ਲਾਸ਼ ਨਹੀਂ ਚੁੱਕਣਗੇ ਅਤੇ ਧਰਨਾ ਜਾਰੀ ਰੱਖਣਗੇ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ 3 ਘੰਟੇ ਤੱਕ ਬੰਨ੍ਹ ਕੇ ਰੱਖਿਆ ਗਿਆ ਅਤੇ ਉਸ ਦੀ ਰਾਡ ਸਮੇਤ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਸੀ। ਇਹੀ ਨਹੀਂ ਉਨ੍ਹਾਂ ਨੌਜਵਾਨਾਂ ਨੇ ਪੀੜਤ ਦੀਆਂ ਲੱਤਾਂ ਦੇ ਮਾਸ ਨੂੰ ਪਲਾਸ ਨਾਲ ਨੌਚ ਦਿੱਤਾ ਸੀ। ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਚੰਗੀਗੜ੍ਹ ਪੀ. ਜੀ. ਆਈ. 'ਚ ਦਾਖਲ ਕਰਾਇਆ ਗਿਆ ਸੀ, ਜਿੱਥੇ ਇਨਫੈਕਸ਼ਨ ਵਧਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਪਰ ਇਲਾਜ ਦੌਰਾਨ ਉਸ ਦੀ ਬੀਤੀ ਦਿਨੀਂ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵੱਲੋਂ ਪਿਸ਼ਾਬ ਪਿਲਾ ਦਿੱਤਾ ਗਿਆ ਸੀ।


shivani attri

Content Editor

Related News