90 ਫੁੱਟ ਦੀ ਉਚਾਈ 'ਤੇ ਜ਼ਿੰਦਗੀ ਬਤੀਤ ਕਰ ਰਹੇ ਇਹ ਅਧਿਆਪਕ
Sunday, Oct 06, 2019 - 09:51 AM (IST)

ਸੰਗਰੂਰ (ਰਾਜੇਸ਼ ਕੋਹਲੀ) : ਕਿਸੇ ਇਨਸਾਨ ਦਾ ਇੰਨਾ ਦੁਖੀ ਹੋਣਾ ਜਾਇਜ ਹੈ ਕਿਉਂਕਿ ਉਹ ਆਮ ਜ਼ਿੰਦਗੀ ਨਹੀਂ, ਸਗੋਂ ਧੁੱਪ, ਹਨ੍ਹੇਰੀ ਤੇ ਬਾਰਿਸ਼ 'ਚ 90 ਫੁੱਟ ਦੀ ਉਚਾਈ 'ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਹ ਦੁਖੜਾ ਹੈ ਪਿਛਲੇ 31 ਦਿਨਾਂ ਤੋਂ ਪਾਣੀ ਦੀ ਟੈਂਕੀ 'ਤੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦਾ। ਸਰਕਾਰ ਤੋਂ ਆਪਣੀ ਬਿਹਤਰ ਜ਼ਿੰਦਗੀ ਦੀ ਆਸ 'ਚ ਇਹ ਅਧਿਆਪਕ ਪਿਛਲੇ ਇਕ ਮਹੀਨੇ ਤੋਂ ਸਰੀਰਿਕ ਕਸ਼ਟ ਸਹਿ ਰਹੇ ਹਨ। ਇਥੇ ਵੀ ਹਾਲਾਤ ਕੁਝ ਅਜਿਹੇ ਹੀ ਹਨ। ਤਿੰਨ ਮਹਿਲਾ ਤੇ ਦੋ ਪੁਰਸ਼ ਪ੍ਰਦਰਸ਼ਨਕਾਰੀ ਪਿਛਲੇ 31 ਦਿਨਾਂ ਤੋਂ ਸੁਨਾਮ ਰੋਡ 'ਤੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਹਨ। ਪੜ੍ਹੇ ਲਿਖੇ ਪ੍ਰਦਰਸ਼ਨਕਾਰੀਆਂ ਦੀ ਮੰਗ ਸਿਰਫ ਦੋ ਵਕਤ ਦੀ ਰੋਟੀ ਦੀ ਹੈ, ਜਦੋਂ ਇਹ ਲੋਕ ਟੈਂਕੀ 'ਤੇ ਚੜ੍ਹੇ ਸਨ ਉਸ ਵੇਲੇ ਅੱਤ ਦੀ ਗਰਮੀ ਨੇ ਇਨ੍ਹਾਂ ਨੂੰ ਖੂਬ ਪਰੇਸ਼ਾਨ ਕੀਤਾ ਤੇ ਫਿਰ ਤੇ ਬਰਸਾਤ ਹੋਈ ਅਤੇ ਹੁਣ ਠੰਡ ਨੇ ਆਪਣੀ ਸ਼ੁਰੂਆਤ ਕਰ ਦਿੱਤੀ ਹੈ।
ਗੱਲ ਸਿਰਫ ਮੌਸਮ ਦੀ ਮਾਰ ਜਾਂ ਸਹੂਲਤਾਂ ਦੀ ਨਹੀਂ ਹੈ, ਇਹ ਲੋਕ ਪਿਛਲੇ 1 ਮਹੀਨੇ ਤੋਂ ਆਪਣੇ ਪਰਿਵਾਰ ਤੋਂ ਵੀ ਦੂਰ ਹਨ। ਇਨ੍ਹਾਂ 'ਚੋਂ ਇਕ ਅਭਾਗਾ ਅਜਿਹਾ ਵੀ ਹੈ ਜੋ ਪਹਿਲੀ ਵਾਰ ਪਿਓ ਬਣਿਆ ਹੈ। ਇਸਦਾ ਨਸੀਬ ਦੇਖੋ, ਅਜੇ ਤੱਕ ਇਸਨੇ ਆਪਣੀ ਲਾਡਲੀ ਦਾ ਚਿਹਰਾ ਵੀ ਨਹੀਂ ਦੇਖਿਆ
ਅਸੀਂ ਇਹ ਗੱਲ ਮੰਨਦੇ ਹਾਂ ਕਿ ਇਕ ਸੂਬੇ 'ਚ ਹਰ ਕਿਸੇ ਦੀ ਮੰਗ ਪੂਰੀ ਕਰਨਾ ਕਿਸੇ ਵੀ ਸਰਕਾਰ ਦੇ ਹੱਥ-ਵੱਸ ਨਹੀਂ ਹੁੰਦਾ, ਪਰ ਕੋਈ ਵਿਚਲਾ ਰਾਹ ਜ਼ਰੂਰ ਲੱਭਿਆ ਜਾ ਸਕਦਾ ਹੈ। ਆਸ ਹੈ ਕਿ ਦੋਵੇਂ ਧਿਰਾਂ ਇਕ ਵਾਰ ਬੈਠ ਕੇ ਇਸ ਮਸਲੇ ਨੂੰ ਸੁਲਝਾ ਲੈਣਗੇ। ਇਸ ਨਾਲ ਇਕ ਤਾਂ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਮਿਲ ਜਾਵੇਗੀ ਤੇ ਦੂਜਾ ਪੰਜਾਬ ਦੇ 'ਚ ਲੋਕ ਸ਼ਾਇਦ ਇਹ ਕਹਿਣਾ ਬੰਦ ਕਰ ਦੇਣਗੇ ਕਿ ਇਥੇ ਪੜ੍ਹਿਆ ਲਿਖਿਆ ਦੀ ਕੋਈ ਕਦਰ ਨਹੀਂ।