ਸੰਗਰੂਰ ਸੀਟ ''ਤੇ ਉਮੀਦਵਾਰਾਂ ਦੀਆਂ ਨਜ਼ਰਾਂ ਢੀਂਡਸਾ ਧੜੇ ਦੇ ਸਮਰਥਕਾਂ ''ਤੇ ਟਿਕੀਆ

05/25/2024 1:52:03 PM

ਸ਼ੇਰਪੁਰ (ਅਨੀਸ਼) : ਸੂਬੇ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਇੱਕ ਹਫਤੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਅਤੇ ਸੂਬੇ ਅੰਦਰ ਸੰਗਰੂਰ ਲੋਕ ਸਭਾ ਸੀਟ 'ਤੇ ਵੀ ਸਭ ਦੀ ਨਜ਼ਰ ਟਿਕੀ ਹੋਈ ਹੈ ਕਿਉਂਕਿ ਇਹ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਕਾਰ ਦਾ ਸਵਾਲ ਬਣ ਚੁੱਕੀ ਹੈ, ਜਿੱਥੇ ਭਗਵੰਤ ਮਾਨ ਇਸ ਸੀਟ ਤੋਂ 2 ਵਾਰ ਨੁਮਾਇੰਦਗੀ ਕਰ ਚੁੱਕੇ ਹਨ, ਉਥੇ ਹੁਣ ਇਸ ਸੀਟ ਵਿਚ ਪੈਂਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਐੱਮ.ਐੱਲ.ਏ ਦੀ ਚੋਣ ਜਿੱਤ ਕੇ ਮੁੱਖ ਮੰਤਰੀ ਬਣੇ ਹਨ। ਦੂਜੇ ਪਾਸੇ ਕਾਂਗਰਸ ਨੇ ਮੁੱਖ ਮੰਤਰੀ ਮਾਨ ਦੇ ਕੱਟੜ ਵਿਰੋਧੀ ਸੁਖਪਾਲ ਖਹਿਰਾ ਨੂੰ ਮੈਦਾਨ ਵਿਚ ਉਤਾਰਿਆ ਹੈ ਅਤੇ 2022 ਦੀ ਜ਼ਿਮਨੀ ਚੋਣ ਜਿੱਤ ਚੁੱਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਜਪਾ ਵੱਲੋਂ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਅਤੇ ਬਸਪਾ ਵੱਲੋਂ ਡਾ. ਮੱਖਣ ਸਿੰਘ ਮੈਦਾਨ ਵਿਚ ਹਨ ਪਰ ਇਸ ਸੀਟ 'ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਜ਼ਰਾਂ ਇਸ ਸੀਟ 'ਤੇ ਅਹਿਮ ਸਥਾਨ ਰੱਖਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੇ ਸਮਰਥਕਾਂ ਦੀਆਂ ਵੋਟਾਂ 'ਤੇ ਟਿਕੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ ਜਿਸ ਕਰਕੇ ਢੀਂਡਸਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਚੋਣਾਂ ਵਿਚ ਕੋਈ ਦਿਲਚਪਸੀ ਨਹੀਂ ਦਿਖਾ ਰਹੇ। ਭਾਂਵੇ ਢੀਂਡਸਾ ਪਿਓ-ਪੁੱਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਅਕਾਲੀ ਹਨ ਅਤੇ ਅਕਾਲੀ ਰਹਿਣਗੇ ਪ੍ਰੰਤੂ ਉਨ੍ਹਾਂ ਦੇ ਸਮਰਥਕ ਪਾਰਟੀ ਉਮੀਦਵਾਰ ਝੂੰਦਾਂ ਦੀ ਬੇੜੀ ਵਿਚ ਵੱਟੇ ਪਾਉਣ ਨੂੰ ਤਿਆਰ ਬੈਠੇ ਹਨ ਅਤੇ ਢੀਂਡਸਾ ਪਰਿਵਾਰ ਦੇ ਇਸ਼ਾਰੇ ਦਾ ਇੰਤਜ਼ਾਰ ਕਰ ਰਹੇ ਹਨ ਕਿ ਵੋਟਾਂ ਕਿਸ ਉਮੀਦਵਾਰ ਨੂੰ ਪਾਉਣੀਆਂ ਹਨ। ਜ਼ਿਕਰਯੋਗ ਹੈ ਢੀਂਡਸਾ ਧੜੇ ਦੀ ਹਰ ਹਲਕੇ ਵਿਚ ਕਾਫੀ ਵੋਟ ਹੈ ਜੋ ਕਿ ਕਿਸੇ ਵੀ ਉਮੀਦਵਾਰ ਨੂੰ ਜਿਤਾਉਣ ਅਤੇ ਹਰਾਉਣ ਦੀ ਸਮਰੱਥਾ ਰੱਖਦੀ ਹੈ, ਜਿਸ ਕਰਕੇ ਹਰੇਕ ਸਿਆਸੀ ਪਾਰਟੀ ਦਾ ਉਮੀਦਵਾਰ ਢੀਂਡਸਾ ਪਰਿਵਾਰ ਤੱਕ ਪਹੁੰਚ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਢੀਂਡਸਾ ਪਰਿਵਾਰ ਕਿਸ ਉਮੀਦਵਾਰ ਤੇ ਮੇਹਰਬਾਨ ਹੁੰਦਾ ਹੈ ਇਸਦਾ ਪਤਾ ਵੋਟਾਂ ਤੋਂ ਇਕ ਦਿਨ ਪਹਿਲਾਂ ਲੱਗਣ ਦੇ ਆਸਾਰ ਹਨ।


Gurminder Singh

Content Editor

Related News