ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਪੁਲਸ ਵਲੋਂ 6 ਮੁਕੱਦਮੇ ਦਰਜ, 7 ਗ੍ਰਿਫ਼ਤਾਰ
Saturday, Aug 17, 2024 - 06:04 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸਰਤਾਜ ਸਿੰਘ ਚਾਹਲ ਐੱਸ.ਐੱਸ.ਪੀ. ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 10 ਅਗਸਤ ਤੋਂ 16 ਅਗਸਤ ਤੱਕ ਡਰੱਗ ਦੇ 3 ਮੁਕੱਦਮੇ ਦਰਜ ਕਰਕੇ 4 ਦੋਸ਼ੀ ਕਾਬੂ ਕੀਤੇ ਜਦਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ 3 ਮੁਕੱਦਮੇ ਦਰਜ ਕਰਕੇ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਐੱਸ. ਐੱਸ. ਪੀ. ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਲਹਿਰਾ ਵਿਖੇ ਚੋਰੀ/ਲੁੱਟਾਂ/ਖੋਹਾਂ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ ਕੀਤੇ ਤੇ 3 ਗੈਸ ਸਿਲੰਡਰ, 82 ਟੀ-ਸ਼ਰਟਾਂ, 11 ਜੀਨਾਂ, 26 ਲੋਅਰਾਂ ਅਤੇ 52 ਸ਼ਰਟਾਂ ਬਰਾਮਦ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ ਐਕਟ ਤਿੰਨ ਕੇਸ ਦਰਜ ਕਰਕੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਅਤੇ 50 ਗਰਾਮ ਹੈਰੋਇਨ, ਗੋਲੀਆਂ/ਕੈਪਸੂਲ1000 ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਐਕਟ 3 ਕੇਸ ਦਰਜ ਕਰਕੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਜਦਕਿ ਪੁਲਸ ਨੇ ਸ਼ਰਾਬ ਠੇਕਾ ਦੇਸੀ 27.000 ਲੀਟਰ, ਸ਼ਰਾਬ ਨਜਾਇਜ਼ 11.250 ਲਿਟਰ, ਸ਼ਰਾਬ ਅੰਗਰੇਜ਼ੀ 27.000 ਲਿਟਰ, ਬੀਅਰ 62.400 ਲਿਟਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਹਫਤੇ ਵੱਖ-ਵੱਖ ਗਜਟਿਡ ਅਫਸਰਾਂ ਵੱਲੋਂ 22 ਪਿੰਡਾਂ/ਕਸਬਿਆਂ ਵਿਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖ਼ਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖ਼ਿਲਾਫ ਜੰਗ ਜਾਰੀ ਹੈ।