ਸੰਗਰੂਰ 'ਚ AAP ਦੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨਾਲ ਸਿੱਧੀ ਟੱਕਰ, ਕੌਣ ਗੱਡੇਗਾ ਜਿੱਤ ਦਾ ਝੰਡਾ? (ਵੀਡੀਓ)

Saturday, Mar 16, 2024 - 03:17 PM (IST)

ਸੰਗਰੂਰ 'ਚ AAP ਦੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨਾਲ ਸਿੱਧੀ ਟੱਕਰ, ਕੌਣ ਗੱਡੇਗਾ ਜਿੱਤ ਦਾ ਝੰਡਾ? (ਵੀਡੀਓ)

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਸੀਟ 'ਤੇ ਆਮ ਆਦਮੀ ਪਾਰਟੀ ਦੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨਾਲ ਸਿੱਧੀ ਟੱਕਰ ਹੋਵੇਗੀ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਕੋਲ 2 ਵੱਡੇ ਚਿਹਰੇ ਹਨ, ਜਿਨ੍ਹਾਂ 'ਚੋਂ ਇਕ ਵਿਜੇਇੰਦਰ ਸਿੰਗਲਾ ਹਨ, ਜੋ ਕਿ ਸਾਬਕਾ ਸੰਸਦ ਮੈਂਬਰ ਰਹਿ ਚੁੱਕੇ ਹਨ, ਦੂਜਾ ਨਾਮ ਦਲਬੀਰ ਸਿੰਘ ਗੋਲਡੀ ਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਡਿਫ਼ਾਲਟਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਕਰ ਦਿੱਤੀ ਸਖ਼ਤ ਕਾਰਵਾਈ

ਇਸ ਤੋਂ ਇਲਾਵਾ ਬੀਬੀ ਰਾਜਿੰਦਰ ਕੌਰ ਭੱਠਲ ਖ਼ੁਦ ਲੜ ਸਕਦੇ ਹਨ ਜਾਂ ਆਪਣੇ ਪੁੱਤਰ ਰਾਹੁਲ ਸਿੱਧੂ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੰਗਰੂਰ ਸੀਟ ਤੋਂ ਢੀਂਡਸਾ ਪਰਿਵਾਰ ਵੀ ਮਜ਼ਬੂਤ ਦਾਅਵੇਦਾਰ ਹੈ, ਜੋ ਪਿਛਲੇ ਸਮੇਂ ਤੋਂ ਅਕਾਲੀ ਦਲ ਨਾਲ ਨਾਰਾਜ਼ ਚੱਲ ਰਿਹਾ ਸੀ, ਜਿਨ੍ਹਾਂ ਦੀ ਮੁੜ ਘਰ ਵਾਪਸੀ ਹੋ ਗਈ ਹੈ। ਅਕਾਲੀ ਦਲ ਵਲੋਂ ਇੱਥੋਂ ਪਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਡਾ ਅਤੇ ਕਮਲਜੀਤ ਕੌਰ ਰਾਜੋਆਣਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ AAP ਸਰਕਾਰ ਦੇ 2 ਸਾਲ ਪੂਰੇ, CM ਮਾਨ ਗੁਰਦੁਆਰਾ ਸਾਹਿਬ ਵਿਖੇ ਟੇਕਣਗੇ ਮੱਥਾ

ਇਸ ਦੌਰਾਨ ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋ ਜਾਂਦਾ ਹੈ ਤਾਂ ਫਿਰ ਪੂਰੇ ਪੰਜਾਬ ਦੀ ਸਿਆਸਤ ਬਦਲਦੀ ਹੋਈ ਦਿਖਾਈ ਦੇਵੇਗੀ। ਜੇਕਰ ਇਹ ਗਠਜੋੜ ਨਹੀਂ ਹੁੰਦਾ ਹੈ ਤਾਂ ਫਿਰ ਭਾਜਪਾ ਇਸ ਸੀਟ ਤੋਂ ਕੇਵਲ ਸਿੰਘ ਢਿੱਲੋਂ, ਅਰਵਿੰਦ ਖੰਨਾ ਜਾਂ ਫਿਰ ਕਿਸੇ ਤੀਜੇ ਵਿਅਕਤੀ ਨੂੰ ਉਮੀਦਵਾਰ ਬਣਾ ਸਕਦੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਵੀ ਇੱਥੇ ਮਜ਼ਬੂਤ ਆਧਾਰ ਹੈ ਅਤੇ ਸਿਮਰਨਜੀਤ ਸਿੰਘ ਮਾਨ ਇਸ ਸੀਟ ਤੋਂ ਸੰਸਦ ਮੈਂਬਰ ਵੀ ਹਨ। ਇਸ ਪਾਰਟੀ ਤੋਂ ਸਿਮਰਨਜੀਤ ਸਿੰਘ ਮਾਨ ਦਾਅਵੇਦਾਰ ਹੋ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News