ਕਿਸੇ ਵੀ ਧਿਰ ਲਈ ਆਸਾਨ ਨਹੀਂ ਹੈ ਸੰਗਰੂਰ ਦੀ ਸਿਆਸੀ ''ਡਗਰ''
Monday, May 13, 2019 - 09:19 AM (IST)
ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਮਾਲਵੇ ਨਾਲ ਸਬੰਧਿਤ ਹਲਕਾ ਸੰਗਰੂਰ ਦਾ ਸਿਆਸੀ ਦ੍ਰਿਸ਼ ਬੇਹੱਦ ਦਿਲਚਸਪ ਅਤੇ ਪੇਚੀਦਾ ਬਣਦਾ ਜਾ ਰਿਹਾ ਹੈ ਜਿਸ ਦੀ ਮੌਜੂਦਾ ਸਿਆਸੀ ਤਸਵੀਰ ਅਨੁਸਾਰ ਇਸ ਹਲਕੇ ਦੀ 'ਡਗਰ' ਕਿਸੇ ਵੀ ਪਾਰਟੀ ਲਈ ਅਸਾਨ ਨਜ਼ਰ ਨਹੀਂ ਆ ਰਹੀ। ਇਸ ਹਲਕੇ ਅੰਦਰ ਦੋ ਪਾਰਟੀਆਂ ਦੇ ਪ੍ਰਧਾਨਾਂ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿਚ ਅਹਿਮ ਪਹਿਚਾਣ ਰੱਖਣ ਵਾਲੇ ਆਗੂਆਂ ਸਮੇਤ 25 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚੋਂ ਕਈ ਸਿਆਸਤਦਾਨਾਂ ਲਈ ਇਸ ਚੋਣ ਦੀ ਜਿੱਤ ਹਾਰ ਨਾ ਸਿਰਫ ਵੱਕਾਰ ਦਾ ਸਵਾਲ ਬਣੀ ਹੋਈ ਹੈ ਸਗੋਂ ਇਸ ਨਾਲ ਕਈ ਆਗੂਆਂ ਦਾ ਸਿਆਸੀ ਭਵਿੱਖ ਵੀ ਤੈਅ ਹੋਵੇਗਾ। ਖਾਸ ਤੌਰ 'ਤੇ ਕਈ ਤਰ੍ਹਾਂ ਦੇ ਵਿਵਾਦਾਂ ਵਿਚ ਘਿਰੀ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਇਸ ਹਲਕੇ ਅੰਦਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਜਿੱਤ ਹਾਰ ਨਾ ਸਿਰਫ ਭਗਵੰਤ ਮਾਨ ਦੇ ਸਿਆਸੀ ਭਵਿੱਖ ਨੂੰ ਦਿਸ਼ਾ ਦੇਵੇਗੀ, ਸਗੋਂ ਇਸ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਂਦ ਸਬੰਧੀ ਵੀ ਸਥਿਤੀ ਸਪੱਸ਼ਟ ਹੋਵੇਗੀ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਇਕ ਵਾਰ ਫਿਰ ਇਸ ਹਲਕੇ ਅੰਦਰ ਚੋਣ ਮੈਦਾਨ ਵਿੱਚ ਉਤਰੇ ਹਨ, ਜਿਨ੍ਹਾਂ ਨੂੰ ਮਿਲਣ ਵਾਲੀਆਂ ਵੋਟਾਂ ਉਨ੍ਹਾਂ ਦੇ ਜਨਤਕ ਆਧਾਰ ਨੂੰ ਪੇਸ਼ ਕਰਨਗੀਆਂ। ਬਦਲ ਗਏ ਹਨ ਸੰਗਰੂਰ ਦੇ ਸਿਆਸੀ ਸਮੀਕਰਨਇਸ ਵਾਰ ਇਸ ਹਲਕੇ ਅੰਦਰ ਕਈ ਸਿਆਸੀ ਹਾਲਾਤ ਅਤੇ ਸਮੀਕਰਨ ਕਾਫੀ ਹੱਦ ਤੱਕ ਬਦਲ ਗਏ ਹਨ ਕਿਉਂਕਿ ਹੁਣ ਨਾਂ ਤਾਂ 'ਆਮ ਆਦਮੀ ਪਾਰਟੀ' ਦਾ ਪਹਿਲਾਂ ਵਾਲਾ ਬੋਲਬਾਲਾ ਨਜ਼ਰ ਆਉਂਦਾ ਹੈ ਤੇ ਨਾ ਹੀ ਇਸ ਵਾਰ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਸਬੰਧਿਤ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੈ। ਇਸ ਦੇ ਨਾਲ ਹੀ ਅਕਾਲੀ ਦਲ 'ਚ ਵਾਪਰੇ ਪਿਛਲੇ ਘਟਨਾਕ੍ਰਮ ਕਾਰਨ ਇਸ ਹਲਕੇ ਨਾਲ ਸਬੰਧਿਤ ਧਾਕੜ ਅਕਾਲੀ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਸਮੇਤ ਹੋਰ ਕਈ ਮਾਮਲਿਆਂ ਨੇ ਇਸ ਹਲਕੇ ਦੇ ਸਮੀਕਰਨ ਬਦਲ ਦਿੱਤੇ ਹਨ।ਹਲਕੇ ਦਾ ਪਿਛੋਕੜ ਇਸ ਹਲਕੇ ਵਿਚ ਪਿਛਲੀ ਵਾਰ ਵੀ 'ਆਮ ਆਦਮੀ ਪਾਰਟੀ' ਦੇ ਭਗਵੰਤ ਮਾਨ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਸਨ। ਜਿਨ੍ਹਾਂ ਤੋਂ ਪਹਿਲਾਂ 2009 ਵਿਚ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੇ ਇਸ ਹਲਕੇ ਵਿਚ ਜਿੱਤ ਹਾਸਲ ਕੀਤੀ ਸੀ। ਉਸ ਤੋਂ ਪਹਿਲਾਂ ਵੀ 2004 ਦੌਰਾਨ ਸੁਖਦੇਵ ਸਿੰਘ ਢੀਂਡਸਾ ਇਸ ਹਲਕੇ ਅੰਦਰ ਜੇਤੂ ਰਹੇ ਸਨ, ਜਦੋਂਕਿ 1999 ਵਿਚ ਇੱਥੋਂ ਸਿਮਰਨਜੀਤ ਸਿੰਘ ਮਾਨ ਐੱਮ.ਪੀ. ਬਣੇ ਸਨ। ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਵੀ 1996 ਅਤੇ 1998 ਦੌਰਾਨ ਇਸੇ ਹਲਕੇ ਵਿਚ ਲੋਕ ਸਭਾ ਮੈਬਰ ਚੁਣੇ ਗਏ ਸਨ।
ਕੁੱਲ ਵੋਟਰ | 15 ਲੱਖ 39 ਹਜ਼ਾਰ 432 |
ਮਰਦ ਵੋਟਰ | 8 ਲੱਖ 14 ਹਜ਼ਾਰ 856 |
ਔਰਤ ਵੋਟਰ | 7 ਲੱਖ 14 ਹਜ਼ਾਰ 551 |
ਥਰਡ ਜੈਂਡਰ | 25 |
ਪੋਲਿੰਗ ਬੂਥ | 1627 |
ਭਗਵੰਤ ਮਾਨ ਲਈ ਫਾਇਦੇਮੰਦ ਗੱਲਾਂ
- ਸੈਲੀਬ੍ਰਿਟੀ ਵਾਲਾ ਪ੍ਰਭਾਵ।
- ਲੋਕ ਸਭਾ ਮੈਂਬਰ ਵਜੋਂ ਸੰਸਦ ਵਿਚ ਪੰਜਾਬ ਦੇ ਕਈ ਮੁੱਦੇ ਚੁੱਕਣੇ।
- 9 ਵਿਧਾਨ ਸਭਾ ਹਲਕਿਆਂ 'ਚੋਂ 5 ਅੰਦਰ ਆਪ ਦੇ ਵਿਧਾਇਕ ਹੋਣਾ।
- ਭਾਸ਼ਣ ਸ਼ੈਲੀ ਵਿਚ ਨਿਪੁੰਨ ਹੋਣ ਕਾਰਨ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਗੁਣ ਹੋਣਾ।
- ਆਪ ਦਾ ਸੂਬਾ ਪ੍ਰਧਾਨ ਹੋਣਾ।
- ਹਲਕੇ ਦੀਆਂ ਕਈ ਸਮੱਸਿਆਵਾਂ ਦੇ ਨਿਪਟਾਰੇ ਲਈ ਲਗਾਤਾਰ ਯਤਨਸ਼ੀਲ ਰਹਿਣਾ।
ਭਗਵੰਤ ਮਾਨ ਦੇ ਵਿਰੋਧ 'ਚ ਜਾਣ ਵਾਲੀਆਂ ਗੱਲਾਂ
- ਹੇਠਲੇ ਪੱਧਰ 'ਤੇ ਆਪ ਦਾ ਲਗਾਤਾਰ ਡਿੱਗ ਰਿਹਾ ਗ੍ਰਾਫ।
- ਕਈ ਵਿਧਾਇਕਾਂ ਵੱਲੋਂ 'ਆਪ' ਦਾ ਲੜ ਛੱਡ ਕੇ ਕਾਂਗਰਸ ਦਾ ਪੱਲਾ ਫੜਨਾ।
- ਕੇਜਰੀਵਾਲ ਵੱਲੋਂ ਮੰਗੀ ਮੁਆਫੀ ਕਾਰਨ ਲੋਕਾਂ 'ਚ ਘਟਿਆ ਪ੍ਰਭਾਵ।
- ਖਹਿਰਾ ਧੜੇ ਵੱਲੋਂ ਲਾਇਆ ਜਾ ਰਿਹਾ ਖੋਰਾ।
- ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਹਲਕੇ ਅੰਦਰ ਕੋਈ ਵੱਡਾ ਪ੍ਰੋਜੈਕਟ ਨਾ ਲਿਆ ਸਕਣਾ।
ਕੇਵਲ ਸਿੰਘ ਢਿੱਲੋਂ ਦੇ ਪੱਖ ਦੀਆਂ ਗੱਲਾਂ
- ਕਾਂਗਰਸ ਸਰਕਾਰ ਦਾ ਦਬਦਬਾ ਤੇ ਪ੍ਰਭਾਵ ਹੋਣਾ।
- ਮੁੱਖ ਮੰਤਰੀ ਦੇ ਕਰੀਬੀਆਂ ਵਿਚ ਸ਼ੁਮਾਰ ਹੋਣ ਦਾ ਲਾਭ।
- ਹਲਕੇ ਅੰਦਰ ਵੱਡਾ ਉਦਯੋਗ ਸਥਾਪਿਤ ਕਰਕੇ ਕਈ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣਾ।
- ਦੋ ਵਾਰ ਵਿਧਾਇਕ ਵਜੋਂ ਕੰਮ ਕਰਨ ਦਾ ਚੰਗਾ ਤਜਰਬਾ।
- ਬਰਨਾਲੇ ਨੂੰ ਜ਼ਿਲਾ ਬਣਾਉਣ 'ਚ ਨਿਭਾਈ ਅਹਿਮ ਭੂਮਿਕਾ ਦਾ ਫਾਇਦਾ।
- ਬੇਦਾਗ ਅਤੇ ਈਮਾਨਦਾਰੀ ਤੋਂ ਇਲਾਵਾ ਚੰਗੇ ਸੁਭਾਅ ਦਾ ਲਾਭ।
ਕੇਵਲ ਸਿੰਘ ਢਿੱਲੋਂ ਦੀਆਂ ਕਮੀਆਂ
- ਹੋਰਨਾਂ ਦੇ ਮੁਕਾਬਲੇ ਭਾਸ਼ਣ ਸ਼ੈਲੀ ਵਿੱਚ ਫਰਕ।
- ਹਲਕੇ ਨੂੰ ਜ਼ਿਆਦਾ ਸਮਾਂ ਨਾ ਦੇਣਾ।
- ਚੋਣ ਪ੍ਰਚਾਰ ਸ਼ੁਰੂ ਕਰਨ ਵਿਚ ਦੇਰੀ।
- ਸਰਕਾਰ ਵਿਰੁੱਧ ਲੋਕਾਂ ਦੇ ਗੁੱਸੇ ਦਾ ਨੁਕਸਾਨ।
- ਕਈ ਬਾਗੀ ਆਗੂਆਂ ਨੂੰ ਨਾਲ ਜੋੜਨ ਕਾਰਨ ਹੋਰਨਾਂ ਦੀ ਨਾਰਾਜ਼ਗੀ।
- ਆਮ ਲੋਕਾਂ ਅਤੇ ਵਰਕਰਾਂ ਤੋਂ ਦੂਰੀ ਦੇ ਦੋਸ਼।
ਪਰਮਿੰਦਰ ਸਿੰਘ ਢੀਂਡਸਾ ਦੇ ਪੱਖ ਦੀਆਂ ਗੱਲਾਂ
- ਈਮਾਨਦਾਰ, ਮਿਹਨਤੀ ਅਤੇ ਨਰਮ ਸੁਭਾਅ ਵਾਲੇ ਆਗੂ ਵਾਲਾ ਅਕਸ।
- ਨੌਜਵਾਨ ਆਗੂ ਵਜੋਂ ਕੰਮ ਕਰਨ ਦਾ ਸ਼ੌਂਕ ਹੋਣਾ।
- ਹਲਕੇ ਅ ੰਦਰ ਪਿਛਲੇ ਸਮੇਂ 'ਚ ਕਰਵਾਏ ਵਿਕਾਸ ਕੰਮਾਂ ਦਾ ਪ੍ਰਭਾਵ।
- ਪਿਛਲੇ ਸਮੇਂ ਦੌਰਾਨ ਲਹਿਰਾਗਾਗਾ ਹਲਕੇ 'ਚ ਮਿਲੀ ਸਭ ਤੋਂ ਵੱਡੀ ਲੀਡ।
- ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿ ਕੇ ਸੌੜੀ ਸਿਆਸਤ ਨੂੰ ਨਜ਼ਰਅੰਦਾਜ਼ ਕਰਕੇ ਸਭ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਕੋਸ਼ਿਸ਼ ਕਰਨਾ।
ਪਰਮਿੰਦਰ ਸਿੰਘ ਢੀਂਡਸਾ ਦੇ ਵਿਰੋਧ 'ਚ ਜਾਣ ਵਾਲੀਆਂ ਗੱਲਾਂ
- ਸ਼੍ਰੋਮਣੀ ਅਕਾਲੀ ਦਲ ਖਿਲਾਫ ਬੇਅਦਬੀ ਵਰਗੇ ਲੱਗੇ ਗੰਭੀਰ ਦੋਸ਼ਾਂ ਦਾ ਪ੍ਰਭਾਵ।
- ਪਿਛਲੇ ਸਮੇਂ ਦੌਰਾਨ ਪਿਤਾ ਵੱਲੋਂ ਪਾਰਟੀ ਅਤੇ ਚੋਣ ਪ੍ਰਚਾਰ ਤੋਂ ਬਣਾਈ ਦੂਰੀ।
- ਸਰਕਾਰ ਵਿਰੋਧੀ ਪੈਣ ਵਾਲੀਆਂ ਵੋਟਾਂ ਕਈ ਹਿੱਸਿਆਂ ਵਿਚ ਤਬਦੀਲ ਹੋਣਾ।
- ਪਿਛਲੇ ਸਮੇਂ ਦੌਰਾਨ ਸੁਨਾਮ ਹਲਕਾ ਛੱਡ ਕੇ ਲਹਿਰਾਗਾਗਾ ਜਾਣਾ।
- 5 ਦਹਾਕਿਆਂ ਦੌਰਾਨ ਉਚੇ ਅਹੁਦਿਆਂ 'ਤੇ ਰਹਿਣ ਦੇ ਬਾਵਜੂਦ ਹਲਕੇ ਅੰਦਰ ਕੋਈ ਵੀ ਵੱਡਾ ਉਦਯੋਗ ਨਾ ਲਗਵਾ ਸਕਣਾ।
- ਕਰੀਬੀ ਰਿਸ਼ਤੇਦਾਰਾਂ ਨੂੰ ਓ.ਐੱਸ.ਡੀ ਬਣਾਉਣਾ ਅਤੇ ਪਾਰਟੀ ਦੇ ਕਈ ਮਿਹਨਤੀ ਆਗੂਆਂ ਨੂੰ ਦੂਰ ਰੱਖਣਾ।
ਜੱਸੀ ਜਸਰਾਜ ਦੇ ਹੱਕ ਦੀਆਂ ਗੱਲਾਂ
- ਨੌਜਵਾਨਾਂ 'ਚ ਗਾਇਕ ਵਜੋਂ ਪਛਾਣ।
- ਰਵਾਇਤੀ ਪਾਰਟੀਆਂ ਵਿਰੁੱਧ ਪੈਣ ਵਾਲੇ ਵੋਟ ਬੈਂਕ ਦਾ ਲਾਭ ਮਿਲਣ ਦੀ ਸੰਭਾਵਨਾ।
- ਨੌਜਵਾਨ ਹੋਣ ਕਾਰਨ ਕੰਮ ਕਰਨ ਦਾ ਜੋਸ਼ ਅਤੇ ਜਜ਼ਬਾ।
- ਕੁਝ ਥਾਵਾਂ 'ਤੇ ਮਿਲ ਰਿਹਾ ਪਿਆਰ।
- ਆਪ ਤੋਂ ਖਫਾ ਕਈ ਲੋਕਾਂ ਦਾ ਸਮਰਥਨ।
ਜੱਸੀ ਜਸਰਾਜ ਦੇ ਵਿਰੋਧ ਦੀਆਂ ਗੱਲਾਂ
- ਬੋਲਬਾਣੀ ਤਿੱਖੀ ਹੋਣੀ।
- ਪਾਰਟੀ ਦਾ ਹੇਠਲੇ ਪੱਧਰ 'ਤੇ ਜ਼ਿਆਦਾ ਅਧਾਰ ਨਾ ਹੋਣਾ।
- ਹੋਰ ਉਮੀਦਵਾਰਾਂ ਦੇ ਮੁਕਾਬਲੇ ਪ੍ਰਚਾਰਕਾਂ ਦੀ ਘਾਟ।
- ਜ਼ਿਲੇ ਤੋਂ ਬਾਹਰਲਾ ਹੋਣਾ।
- ਨਵੀਂ ਪਾਰਟੀ ਦਾ ਉਮੀਦਵਾਰ ਹੋਣਾ।