ਬੀਬੀ ਢੀਂਡਸਾ ਨੇ ਵੀ ਕੀਤਾ ਬਾਦਲ ਪਰਿਵਾਰ 'ਤੇ ਤਿੱਖਾ ਵਾਰ

Saturday, Feb 01, 2020 - 11:32 AM (IST)

ਬੀਬੀ ਢੀਂਡਸਾ ਨੇ ਵੀ ਕੀਤਾ ਬਾਦਲ ਪਰਿਵਾਰ 'ਤੇ ਤਿੱਖਾ ਵਾਰ

ਸੰਗਰੂਰ (ਬੇਦੀ, ਸਿੰਗਲਾ) : ''ਸੁਖਬੀਰ ਸਿੰਘ ਬਾਦਲ ਦੀ ਸ਼ਹਿ 'ਤੇ ਕੁੱਝ ਆਗੂਆਂ ਵੱਲੋਂ ਢੀਂਡਸਾ ਪਰਿਵਾਰ ਖਿਲਾਫ਼ ਕੀਤਾ ਜਾ ਰਿਹਾ ਕੂੜ ਪ੍ਰਚਾਰ ਬੌਖਲਾਹਟ ਦਾ ਨਤੀਜਾ ਹੈ ਅਤੇ ਬੇਲੋੜਾ ਝੂਠਾ ਪ੍ਰਚਾਰ ਸਿੱਖੀ ਸਿਧਾਂਤਾਂ 'ਤੇ ਅਕਾਲੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।'' ਇਹ ਵਿਚਾਰ ਬੀਬੀ ਹਰਜੀਤ ਕੌਰ ਢੀਂਡਸਾ ਨੇ ਪ੍ਰਗਟਾਏ।

ਬੀਬੀ ਢੀਂਡਸਾ ਨੇ ਕਿਹਾ ਕਿ ਸੰਗਰੂਰ ਰੈਲੀ ਲਈ ਪ੍ਰਚਾਰ ਕਰਨ ਆਏ ਆਗੂ ਕੈਪਟਨ ਸਰਕਾਰ ਅਤੇ ਕਾਂਗਰਸ ਪਾਰਟੀ ਖਿਲਾਫ਼ ਇਕ ਵੀ ਸ਼ਬਦ ਨਹੀਂ ਬੋਲੇ ਸਗੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਖਿਲਾਫ਼ ਰੱਜ ਕੇ ਪ੍ਰਚਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਇਹ ਉਹ ਹੀ ਆਗੂ ਹਨ ਜਿਹੜੇ ਸਾਡੇ ਘਰ ਆ ਕੇ ਕਿਹਾ ਕਰਦੇ ਸਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਕਾਬਲ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਨ੍ਹਾਂ ਦੇ ਨਾਂ ਵੀ ਦੱਸਾਂਗੇ। ਬੀਬੀ ਢੀਂਡਸਾ ਨੇ ਕਿਹਾ ਕਿ ਹੱਕ ਸੱਚ ਅਤੇ ਪੰਥ ਦੇ ਭਲੇ ਲਈ ਗੱਲ ਕਰਨ ਦੀ ਜੁਰਅੱਤ ਨਾ ਦਿਖਾਉਣ ਵਾਲੇ ਅਜਿਹੇ ਆਗੂ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ।

ਬੀਬੀ ਢੀਂਡਸਾ ਨੇ ਕਿਹਾ ਕਿ ਸਾਡਾ ਪਰਿਵਾਰ ਅਕਾਲੀ ਹੈ ਅਤੇ ਅਕਾਲੀ ਰਹੇਗਾ, ਸਾਨੂੰ ਈਮਾਨਦਾਰ ਤੇ ਅਕਾਲੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਢੀਂਡਸਾ ਪਰਿਵਾਰ ਨੂੰ ਅਹੁਦੇ ਅਕਾਲੀ ਵਰਕਰਾਂ ਦੀ ਮਿਹਨਤ ਅਤੇ ਬੁਲੰਦ ਹੌਸਲੇ ਰੱਖਣ ਸਦਕਾ ਮਿਲੇ। ਅਕਾਲੀ ਵਰਕਰਾਂ ਨੇ ਹੀ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਤਾਇਆ ਅਤੇ ਅਹੁਦੇ ਦਿੱਤੇ। ਸੁਖਬੀਰ ਸਿੰਘ ਬਾਦਲ ਵੀ ਕੋਈ ਆਸਮਾਨ ਤੋਂ ਅਹੁਦੇ ਨਹੀਂ ਲੈ ਕੇ ਆਏ, ਅਕਾਲੀ ਦਲ ਦੇ ਵਰਕਰਾਂ ਨੇ ਹੀ ਦਿੱਤੇ । ਅਕਾਲੀ ਦਲ ਕਿਸੇ ਦੀ ਜਾਗੀਰ ਨਹੀਂ ਹੈ ਫਿਰ ਸੁਖਬੀਰ ਸਿੰਘ ਬਾਦਲ ਕੌਣ ਹੁੰਦਾ ਹੈ ਅਹੁਦੇ ਦੇਣ ਵਾਲਾ। ਬੀਬੀ ਢੀਂਡਸਾ ਨੇ ਅਕਾਲੀ ਵਰਕਰਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਕੂੜ ਪ੍ਰਚਾਰ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਨਿਡਰ ਹੋ ਕੇ ਯਤਨ ਕਰਦੇ ਰਹਿਣ।


author

cherry

Content Editor

Related News