ਇਨ੍ਹਾਂ ਰੁਕਾਵਟਾਂ ਨੇ ਫੇਲ ਕੀਤਾ ਮਿਸ਼ਨ ਫਤਿਹਵੀਰ

06/13/2019 3:41:47 PM

ਜਲੰਧਰ/ਸੰਗਰੂਰ (ਬਿਊਰੋ) : ਸੰਗਰੂਰ ਬੋਰਵੈੱਲ ਵਿਚ ਡਿੱਗਾ ਫਤਿਹਵੀਰ ਹੁਣ ਇਸ ਦੁਨੀਆ 'ਤੇ ਨਹੀਂ ਹੈ ਪਰ ਉਸ ਨੂੰ ਬਚਾਉਣ ਲਈ ਜੋ 6 ਦਿਨਾਂ ਤੱਕ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ, ਉਹ ਕਿਉਂ ਫੇਲ੍ਹ ਹੋਇਆ ਇਸ ਬਾਰੇ ਚਰਚਾ ਹੁਣ ਲੰਬੀਂ ਦੇਰ ਤੱਕ ਚੱਲੇਗੀ।

ਕਿਉਂ ਮੁਸ਼ਕਿਲ ਸੀ 'ਆਪ੍ਰੇਸ਼ਨ ਫਤਿਹਵੀਰ' 
ਐੱਨ. ਡੀ. ਆਰ. ਐੱਫ. ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਿਲ ਆਪ੍ਰੇਸ਼ਨ ਸੀ। ਐੱਨ. ਡੀ. ਆਰ. ਐੱਫ. ਦੀ 7 ਬਟਾਲੀਅਨ ਕਮਾਂਡੇਟ ਵਿਜੇ ਕੁਮਾਰ ਨੇ ਕਿਹਾ ਉਨ੍ਹਾਂ ਦਾ ਚਲਾਇਆ ਰੈਸਕਿਊ ਆਪ੍ਰੇਸ਼ਨ ਫੇਲ੍ਹ ਆਪ੍ਰੇਸ਼ਨ ਨਹੀਂ ਸੀ। ਦਰਅਸਲ ਐੱਨ. ਡੀ. ਆਰ. ਐੱਫ. ਕੋਲ ਅਜਿਹੇ ਹਾਲਾਤ ਨਾਲ ਨਜਿੱਠਣ ਦਾ ਬਹੁਤਾ ਅਨੁਭਵ ਨਹੀਂ ਸੀ। ਬੋਰ ਦੀ ਲੰਬਾਈ ਤੇ ਮਿੱਟੀ ਦੀ ਕਿਸਮ ਨੇ ਇਸ ਰੈਸਕਿਊ ਆਪ੍ਰੇਸ਼ਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ।

  • ਫਤਿਹਵੀਰ ਬੋਰਵੈੱਲ ਵਿਚ 125 ਫੁੱਟ 'ਤੇ ਸੀ। ਐਨ.ਡੀ.ਆਰ.ਐਫ. ਨੇ ਇਸ ਤੋਂ ਪਹਿਲਾਂ 60 ਫੁੱਟ ਤੱਕ ਦੇ ਰੈਸਕਿਊ ਆਪ੍ਰੇਸ਼ਨਸ ਨੂੰ ਹੀ ਅੰਜਾਮ ਦਿੱਤਾ ਸੀ। 
  • ਬੋਰ ਦੀ ਮਿੱਟੀ ਵੀ ਇਸ ਰੈਸਕਿਊ ਆਪ੍ਰੇਸ਼ਨ ਵਿਚ ਇਕ ਮੁਸ਼ਕਿਲ ਸੀ। 
  • ਇਸ ਤੋਂ ਪਹਿਲਾਂ ਐਨ.ਡੀ.ਆਰ.ਐਫ. ਦੀ 7 ਬਟਾਲੀਅਨ ਬਠਿੰਡਾ ਸਿਰਫ ਇਕ ਅਜਿਹਾ ਕੇਸ ਹੱਲ ਕਰ ਚੁੱਕੀ ਸੀ। ਪਰ ਇਸ ਕੇਸ ਵਿਚ ਸਾਰੇ ਹਾਲਾਤ ਵੱਖ ਸਨ। 
  • ਐਨ.ਡੀ.ਆਰ.ਐਫ. ਦੀ ਟੀਮ ਨੇ ਹੁਣ ਤੱਕ ਕੁਦਰਤੀ ਆਫਤਾਂ ਦੌਰਾਨ ਹੀ ਰੈਸਕਿਊ ਆਪ੍ਰੇਸ਼ਨ ਚਲਾਇਆ ਸੀ। ਉਨ੍ਹਾਂ ਕੋਲ ਬੋਰਵੈੱਲ 'ਚੋਂ ਬੱਚੇ ਨੂੰ ਬਾਹਰ ਕੱਢਣ ਦਾ ਅਨੁਭਵ ਨਹੀਂ ਸੀ। 

ਮਿਸ਼ਨ ਫਤਿਹਵੀਰ ਵਿਚ 6 ਦਿਨ ਕੀ ਕੁੱਝ ਹੋਇਆ

  • 6 ਜੂਨ ਸੰਗਰੂਰ ਦੇ ਭਗਵਾਨਪੁਰਾ ਵਿਚ ਫਤਿਹਵੀਰ ਸਵਾ ਚਾਰ (4:15) ਵਜੇ 125 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਿਆ। 
  • 5 ਵਜੇ ਤੱਕ ਬਠਿੰਡਾ ਦੇ ਐਨ.ਡੀ.ਆਰ.ਐਫ. ਹੈੱਡਕੁਆਟਰ, ਪਟਿਆਲਾ , ਸੰਗਰੂਰ, ਚੰਡੀ ਮੰਦਿਰ ਵਿਚ ਆਰਮੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
  • 7 ਵਜੇ ਤੱਕ ਐਨ.ਡੀ.ਆਰ.ਐਫ. ਮੌਕੇ 'ਤੇ ਪਹੁੰਚ ਗਈ। ਤਿੰਨ ਘੰਟਿਆਂ ਵਿਚ ਐਨ.ਡੀ.ਆਰ.ਐਫ. ਫਤਿਹਵੀਰ ਦੇ ਹੱਥਾਂ ਵਿਚ ਰੱਸੀ ਪਾ ਗੱਠ ਬੰਨ੍ਹਣ ਵਿਚ ਸਫਲ ਰਹੀ। 
  • 10 ਘੰਟਿਆਂ ਵਿਚ ਐਨ.ਡੀ.ਆਰ.ਐਫ. ਨੇ ਰੱਸੀ ਰਾਹੀਂ ਫਤਿਹਵੀਰ ਨੂੰ ਕੱਢਣ ਦੀਆਂ ਕਰੀਬ 115 ਕੋਸ਼ਿਸ਼ਾਂ ਕੀਤੀਆਂ। 
  • ਇਸ ਦੇ ਨਾਲ-ਨਾਲ ਪਲਾਨ-ਬੀ ਵੀ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਚੱਲਦੇ ਬੋਰ ਦੇ ਆਸਪਾਸ ਮਿੱਟੀ ਪੁੱਟੀ ਗਈ।
  • 7 ਜੇ.ਸੀ.ਬੀ. ਮਸ਼ੀਨਾਂ ਤੇ 3 ਪੋਕਲੇਨ ਮਸ਼ੀਨਾਂ ਮਿੱਟੀ ਪੁੱਟਣ ਲਈ ਇਸਤੇਮਾਲ ਕੀਤੀਆਂ ਗਈਆਂ। ਐਨ.ਡੀ.ਆਰ.ਐਫ. ਤੇ ਲੋਕਾਂ ਨੇ 12 ਘੰਟਿਆਂ ਵਿਚ 25 ਫੁੱਟ ਟੋਇਆ ਪੁੱਟ ਦਿੱਤਾ। 
  • ਇਸ ਤੋਂ ਬਾਅਦ 36 ਇੰਚ ਚੌੜ੍ਹਾ ਬੋਰਵੈੱਲ ਪੁੱਟਿਆ ਗਿਆ। ਬੋਰਵੈੱਲ ਪੁੱਟਣ ਨੂੰ 46 ਘੰਟੇ ਲੱਗੇ। ਪਰ ਦੂਜੇ ਬੋਰਵੈੱਲ ਤੱਕ ਜਾਣ ਲਈ ਸੁਰੰਗ ਦੀ ਲੋੜ ਸੀ। 
  • ਫਤਿਹਵੀਰ ਵਾਲੇ ਬੋਰ ਵਿਚ ਜਾਣ ਲਈ ਸੁਰੰਗ ਪੁੱਟੀ ਗਈ ਪਰ ਬੱਚਾ ਲੋਕੇਟ ਨਹੀਂ ਹੋ ਸਕਿਆ। ਬੋਰਵੈੱਲ 'ਚੋਂ ਬੱਚੇ ਨੂੰ ਬਾਹਰ ਕੱਢਣ ਦੀਆਂ ਤਿੰਨ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਭ ਫੇਲ। 
  • ਅੰਤ ਬੱਚੇ ਦੇ ਆਸ-ਪਾਸ ਤੋਂ ਬੋਰੀ ਤੇ ਰੇਤਾ ਪਰੇ ਕਰਕੇ ਉਸ ਨੂੰ ਉਸੇ ਬੋਰਵੈੱਲ 'ਚੋਂ ਰੱਸੀ ਰਾਹੀਂ ਬਾਹਰ ਕੱਢ ਲਿਆ ਗਿਆ, ਜਿਸ ਵਿਚ ਉਹ ਡਿੱਗਿਆ ਸੀ। ਇਸ ਪੂਰੇ ਆਪ੍ਰੇਸ਼ਨ ਵਿਚ 108 ਘੰਟੇ ਲੱਗ ਗਏ ਤੇ ਉਦੋਂ ਤੱਕ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। 

 

ਫਤਿਹਵੀਰ ਦੀ ਮੌਤ ਨੇ ਜੋ ਸਵਾਲ ਖੜ੍ਹੇ ਕੀਤੇ ਉਨ੍ਹਾਂ ਵਿਚ ਸਭ ਤੋਂ ਵੱਡਾ ਸਵਾਲ ਇਹੀ ਸੀ ਕਿ ਆਖਰ ਇਹ ਮੌਤ ਦੇ ਬੋਰ ਖੁੱਲ੍ਹੇ ਕਿਉਂ ਰੱਖੇ ਗਏ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਮੁਤਾਬਕ ਡੀ. ਸੀ. ਆਂ ਨੇ ਆਪਣੇ-ਆਪਣੇ ਜ਼ਿਲੇ ਵਿਚ ਖੁੱਲ੍ਹੇ ਪਏ ਬੋਰ ਬੰਦ ਕਰਵਾਏ। ਇਕ ਰਿਪੋਰਟ ਮੁਤਾਬਕ ਬਠਿੰਡਾ ਵਿਚ 50 ਬੋਰਵੈੱਲ ਮਿਲੇ, ਜਿਨ੍ਹਾਂ ਨੂੰ ਢੱਕ ਦਿੱਤਾ ਗਿਆ। ਫਤਿਹਗੜ੍ਹ ਸਾਹਿਬ ਵਿਚ 26 ਬੋਰਵੈੱਲ ਮਿਲੇ। ਪਟਿਆਲਾ ਵਿਚ 11, 
ਮੋਹਾਲੀ ਵਿਚ 10 ਤੇ ਸੰਗਰੂਰ ਵਿਚ 8 ਅਤੇ ਰੋਪੜ ਵਿਚ 1 ਬੋਰਵੈੱਲ ਮਿਲਿਆ, ਜਿਸ ਨੂੰ ਬੰਦ ਕਰ ਦਿੱਤਾ ਗਿਆ। ਜਲੰਧਰ ਵਿਚ ਵੀ ਇਕ ਬੋਰਵੈੱਲ ਖੁੱਲ੍ਹਾ ਮਿਲਿਆ, ਜਿਸ ਨੂੰ ਢੱਕ ਦਿੱਤਾ ਗਿਆ।

ਫਤਿਹਵੀਰ ਵਾਪਸ ਨਹੀਂ ਆ ਸਕਦਾ ਪਰ ਅਰਦਾਸ ਇਹੀ ਹੈ ਕਿ ਕੋਈ ਫਤਿਹਵੀਰ ਇਸ ਤਰ੍ਹਾਂ ਦੁਨੀਆ ਤੋਂ ਨਾ ਜਾਵੇ। ਇਸ ਲਈ ਸਭ ਤੋਂ ਪਹਿਲਾਂ ਯੋਗਦਾਨ ਤੁਸੀਂ ਪਾ ਸਕਦੇ ਹੋ। ਜੇਕਰ ਤੁਹਾਨੂੰ ਤੁਹਾਡੇ ਆਸ-ਪਾਸ ਕੋਈ ਬੋਰਵੈੱਲ ਖੁੱਲ੍ਹਾ ਮਿਲਦਾ ਹੈ ਤਾਂ ਉਸ ਨੂੰ ਤੁੰਰਤ ਢੱਕ ਦਿਓ।


cherry

Content Editor

Related News