ਸੰਗਰੂਰ ਜ਼ਿਮਨੀ ਚੋਣ : ਲੁਧਿਆਣਾ ਮਗਰੋਂ ਬਰਨਾਲਾ ''ਚ ਹੋਵੇਗਾ ''ਆਪ'' ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਮੁਕਾਬਲਾ
Tuesday, Jun 14, 2022 - 01:57 PM (IST)

ਲੁਧਿਆਣਾ (ਹਿਤੇਸ਼) : ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਭਰ ਦੇ ਆਗੂਆਂ ਦੀ ਡਿਊਟੀ ਲਾਈ ਗਈ ਹੈ ਪਰ ਸਭ ਤੋਂ ਦਿਲਚਸਪ ਨਜ਼ਾਰਾ ਬਰਨਾਲਾ 'ਚ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲੁਧਿਆਣਾ ਨਾਲ ਸਬੰਧਿਤ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੇ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਜਿਨ੍ਹਾਂ ਆਗੂਆਂ ਨੂੰ ਹਰਾਇਆ ਸੀ, ਹੁਣ ਉਨ੍ਹਾਂ ਨਾਲ ਇਕ ਵਾਰ ਫਿਰ ਬਰਨਾਲਾ 'ਚ ਸਾਹਮਣਾ ਹੋ ਰਿਹਾ ਹੈ।
ਦੋਵੇਂ ਹੀ ਪਾਰਟੀਆਂ ਦੇ ਆਗੂ ਸਵੇਰ ਤੋਂ ਲੈ ਕੇ ਮੀਟਿੰਗ ਜਾਂ ਡੋਰ-ਟੂ-ਡੋਰ ਪ੍ਰਚਾਰ ਦੇ ਰੂਪ 'ਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਪੱਖ 'ਚ ਪ੍ਰਚਾਰ ਕਰ ਰਹੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਬਰਨਾਲਾ 'ਚ ਕਾਂਗਰਸ ਨੂੰ ਇਸ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ ਕਿਉਂਕਿ ਉੱਥੋਂ ਕਾਂਗਰਸ ਦੇ ਵਿਧਾਇਕ ਰਹੇ ਕੇਵਲ ਢਿੱਲੋਂ ਨੂੰ ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਵਿਧਾਇਕ ਮੀਤ ਹੇਅਰ ਮੰਤਰੀ ਹਨ, ਜਦੋਂ ਕਿ ਕਾਂਗਰਸ ਦੇ ਹਲਕਾ ਇੰਚਾਰਜ ਮਨੀਸ਼ ਬਾਂਸਲ ਦੀ ਗਰਾਊਂਡ 'ਤੇ ਇੰਨੀ ਪਕੜ ਨਹੀਂ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਆਪਣੇ ਆਗੂਆਂ ਨੂੰ ਸ਼ਾਮ ਨੂੰ ਲੁਧਿਆਣਾ ਵਾਪਸ ਨਾ ਪਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।