ਸੰਗਰੂਰ 'ਚ ਜ਼ਿਮਨੀ ਚੋਣ ਲਈ ਚੋਣ ਸਟਾਫ਼ ਤਿਆਰ, ਕਿਸੇ ਵੀ ਦਿਨ ਹੋ ਸਕਦੈ ਐਲਾਨ

Tuesday, May 24, 2022 - 09:40 AM (IST)

ਸੰਗਰੂਰ 'ਚ ਜ਼ਿਮਨੀ ਚੋਣ ਲਈ ਚੋਣ ਸਟਾਫ਼ ਤਿਆਰ, ਕਿਸੇ ਵੀ ਦਿਨ ਹੋ ਸਕਦੈ ਐਲਾਨ

ਜਲੰਧਰ/ਸੰਗਰੂਰ (ਨਰਿੰਦਰ ਮੋਹਨ) : ਸੰਗਰੂਰ ਲੋਕ ਸਭਾ ਉਪ-ਚੋਣ ਲਈ ਚੋਣ ਕਮਿਸ਼ਨ ਦੀ ਤਿਆਰੀ ਲਗਭਗ ਮੁਕੰਮਲ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਗਰੂਰ ਲੋਕ ਸਭਾ ਤੋਂ ਬੀਤੀ 14 ਮਾਰਚ ਨੂੰ ਅਸਤੀਫ਼ਾ ਦੇ ਦਿੱਤਾ ਗਿਆ ਸੀ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ 6 ਮਹੀਨਿਆਂ ਦੇ ਅੰਦਰ ਉਪ-ਚੋਣ ਕਰਵਾਈ ਜਾਣੀ ਹੈ। ਇਸ ਦੇ ਮੁਤਾਬਕ 14 ਸਤੰਬਰ ਤੋਂ ਪਹਿਲਾਂ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣੀ ਹੈ, ਜਿਸ ਅਨੁਸਾਰ ਦੇਰ ਅਗਸਤ ਅੱਧ ਤੱਕ ਸੰਗਰੂਰ ਲੋਕ ਸਭਾ ਉਪ-ਚੋਣ ਦਾ ਐਲਾਨ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਵੀ ਇਸ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਮੁਤਾਬਕ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹਨ। ਚੋਣ ਦਾ ਐਲਾਨ ਹੋਣ ਤੋਂ ਬਾਅਦ ਅਧਿਕਾਰੀ ਈ. ਵੀ. ਐੱਮ. ਦੇ ਨਿਰੀਖਣ, ਪੋਲਿੰਗ ਕੇਂਦਰਾਂ ਦਾ ਨਿਰੀਖਣ ਕੀਤਾ ਜਾਵੇਗਾ, ਜਦੋਂ ਕਿ ਪ੍ਰਕਾਸ਼ਨ ਕੀਤੀ ਜਾਣ ਵਾਲੀ ਸਮੱਗਰੀ ਚੰਡੀਗੜ੍ਹ ਦਫ਼ਤਰ ਆਪਣੇ ਪੱਧਰ ’ਤੇ ਤਿਆਰ ਕਰਵਾਏਗਾ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੱਕ 7 ਪਟੀਸ਼ਨਾਂ ਹਾਈਕੋਰਟ ’ਚ ਦਾਖ਼ਲ ਹੋਈਆਂ ਹਨ ਪਰ ਕੋਈ ਵੀ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਨਹੀਂ ਹੈ। ਫਿਰ ਵੀ ਚੋਣ ਕਮਿਸ਼ਨ ਵਿਧਾਨ ਸਭਾ ਚੋਣਾਂ ’ਚ ਵਰਤੀਆਂ ਹੋਈਆਂ ਈ. ਵੀ. ਐੱਮਜ਼ ਦੀ ਵਰਤੋਂ ਨਹੀਂ ਕਰੇਗਾ, ਸਗੋਂ ਪੋਲਿੰਗ ਲਈ ਈ. ਵੀ. ਐੱਮਜ਼ ਰਾਖਵੀਆਂ ਹਨ, ਉਨ੍ਹਾਂ ਨੂੰ ਵਰਤੋਂ ’ਚ ਲਿਆਂਦਾ ਜਾਵੇਗਾ। ਚੋਣਾਂ ਦਾ ਐਲਾਨ ਹੁੰਦੇ ਹੀ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ’ਚ ਚੋਣ ਜ਼ਾਬਤਾ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਅੱਜ ਤੋਂ ਥਰਮਾਮੀਟਰ, BP ਤੇ ਵੇਇੰਗ ਮਸ਼ੀਨ ਦੀ ਵਿਕਰੀ ਬੰਦ, ਜਾਣੋ ਕਾਰਨ
ਸੰਗਰੂਰ ਲੋਕ ਸਭਾ ਦਾ ਸੰਖੇਪ ਇਤਹਾਸ
ਫਰਵਰੀ, 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਦੇ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੀਆਂ 9 ਵਿਧਾਨ ਸਭਾ ਸੀਟਾਂ ਸੰਗਰੂਰ, ਧੂਰੀ, ਦਿੜ੍ਹਬਾ, ਲਹਿਰਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ ਅਤੇ ਮਾਲੇਰਕੋਟਲਾ ’ਚ ਸਾਰਿਆਂ ’ਤੇ ‘ਆਪ’ ਨੇ ਹੀ ਜਿੱਤ ਹਾਸਲ ਕੀਤੀ ਸੀ। ਸਾਲ 2019 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸੰਗਰੂਰ ਲੋਕ ਸਭਾ ਤੋਂ ਭਗਵੰਤ ਮਾਨ ਚੋਣ ਜਿੱਤੇ ਸਨ ਪਰ ਮਾਲੇਰਕੋਟਲਾ ਵਿਧਾਨ ਸਭਾ ਖੇਤਰ ਤੋਂ ਭਗਵੰਤ ਮਾਨ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ ਪਿੱਛੇ ਰਹੇ ਸਨ ਪਰ ਬਾਕੀ 8 ਵਿਧਾਨ ਸਭਾ ਸੀਟਾਂ ਤੋਂ ਉਹ ਜਿੱਤੇ ਸਨ। ਇਸੇ ਤਰ੍ਹਾਂ ਸਾਲ 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸੰਗਰੂਰ ਲੋਕ ਸਭਾ ਸੀਟ ਤੋਂ ਵੀ ਭਗਵੰਤ ਮਾਨ ਚੋਣ ਜਿੱਤੇ ਸਨ। ਉਹ 8 ਵਿਧਾਨ ਸਭਾ ਸੀਟਾਂ ਤੋਂ ਤਾਂ ਜਿੱਤੇ ਸਨ ਪਰ ਲਹਿਰਾ ਵਿਧਾਨ ਸਭਾ ਤੋਂ ਉਹ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਤੋਂ ਪਿੱਛੇ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ CM ਮਾਨ ਦੀ ਅਫ਼ਸਰਾਂ ਨਾਲ ਮੀਟਿੰਗ, ਟਵੀਟ ਕਰਕੇ ਆਖੀ ਇਹ ਗੱਲ
ਵਰਤਮਾਨ ਹਾਲਾਤ
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਇਸ ਸੀਟ ਲਈ ਉਮੀਦਵਾਰ ਦੇ ਨਾਂ ਲਈ ਲੋਕਾਂ ਦੀ ਰਾਏ ਲੈ ਰਹੀ ਹੈ ਅਤੇ ਆਪਣੀ ਪੁਰਾਣੀ ਸ਼ੈਲੀ ਦੀ ਤਰ੍ਹਾਂ ਉਹ ਲੋਕਾਂ ਦੀ ਰਾਏ ਦੇ ਆਧਾਰ ’ਤੇ ਉਮੀਦਵਾਰ ਦਾ ਨਾਂ ਤੈਅ ਕਰੇਗੀ। ਭਾਜਪਾ ਨੇ ਸੰਗਰੂਰ ਸੀਟ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਲੋਕ ਕਾਂਗਰਸ, ਸੁਖਦੇਵ ਸਿੰਘ ਢੀਂਡਸਾ ਵਾਲੇ ਅਕਾਲੀ ਦਲ ਸੰਯੁਕਤ ਅਤੇ ਭਾਜਪਾ ਦਾ ਸਮਝੌਤਾ ਜੇਕਰ ਇਸ ਉਪ-ਚੋਣ ’ਚ ਵੀ ਬਰਕਰਾਰ ਰਹਿੰਦਾ ਹੈ ਤਾਂ ਪਰਮਿੰਦਰ ਸਿੰਘ ਢੀਂਡਸਾ ਇੱਥੋਂ ਗਠਜੋੜ ਦੇ ਉਮੀਦਵਾਰ ਹੋ ਸਕਦੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਸੰਗਰੂਰ ਤੋਂ ਅਕਾਲੀ ਉਮੀਦਵਾਰ ਦੇ ਰੂਪ ’ਚ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਖੇਤਰ ਤੋਂ 263498 ਵੋਟਾਂ ਲਈਆਂ ਸਨ ਅਤੇ ਉਹ ਤੀਜੇ ਸਥਾਨ ’ਤੇ ਰਹੇ ਸਨ, ਜਦੋਂ ਕਿ ਸਾਲ 2014 ਦੀ ਸੰਗਰੂਰ ਲੋਕ ਸਭਾ ਚੋਣ ’ਚ ਖ਼ੁਦ ਸੁਖਦੇਵ ਸਿੰਘ ਢੀਂਡਸਾ ਨੇ ਚੋਣ ਲੜੀ ਅਤੇ ਉਹ 321516 ਵੋਟ ਲੈ ਕੇ ਦੂਜੇ ਸਥਾਨ ’ਤੇ ਰਹੇ ਸਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨਾਲ ਜੇਲ੍ਹ 'ਚ ਮੁਲਾਕਾਤ ਕਰ ਸਕਦੇ ਨੇ ਪ੍ਰਿਯੰਕਾ ਗਾਂਧੀ, ਵੜਿੰਗ ਦੀ ਭਲਕੇ ਤਿਆਰੀ!

ਸਾਲ 2004 ਦੀਆਂ ਲੋਕ ਸਭਾ ਚੋਣਾਂ ’ਚ ਸੁਖਦੇਵ ਸਿੰਘ ਢੀਂਡਸਾ ਇੱਥੋਂ ਲੋਕ ਸਭਾ ਚੋਣ ਜਿੱਤੇ ਸਨ। ਕਾਂਗਰਸ ਨੇ ਸੰਗਰੂਰ ਤੋਂ ਚਾਰ ਵਾਰ ਲੋਕ ਸਭਾ ਸੀਟ ਜਿੱਤੀ ਹੈ। ਸਾਲ 2009 ’ਚ ਵਿਜੇਇੰਦਰ ਸਿੰਗਲਾ ਨੇ ਇਹ ਸੀਟ ਜਿੱਤੀ ਸੀ। ਸਾਲ 2019 ’ਚ ਕੇਵਲ ਸਿੰਘ ਢਿੱਲੋਂ ਕਾਂਗਰਸ ਉਮੀਦਵਾਰ ਦੇ ਰੂਪ ’ਚ ਇੱਥੋਂ 303350 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ ਸਨ ਪਰ ਉਨ੍ਹਾਂ ਨੂੰ ਹੁਣ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਚੁੱਕੀ ਹੈ। ਤਿੰਨ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸੰਗਰੂਰ ਲੋਕ ਸਭਾ ਖੇਤਰ ਦਾ ਦੌਰਾ ਕਰ ਕੇ ਫਿਲਹਾਲ ਵਿਜੇਇੰਦਰ ਸਿੰਗਲਾ ’ਤੇ ਹੀ ਭਰੋਸਾ ਰੱਖਿਆ ਹੋਇਆ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਵੱਲੋਂ ਕਾਂਗਰਸ ਛੱਡਣ ਅਤੇ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਕਾਂਗਰਸ ਦੇ ਲੋਕਾਂ ਦਾ ਮਨੋਬਲ ਕਮਜ਼ੋਰ ਹੈ ਪਰ ਰਾਜਾ ਵੜਿੰਗ ਨੇ ਇਸ ਖੇਤਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਵੀ ਇੱਥੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਦਾ ਨਾਂ ਅਜੇ ਅਕਾਲੀ ਦਲ ’ਚ ਚਰਚਾ ਦੇ ਰੂਪ ’ਚ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਸੰਗਰੂਰ ਲੋਕ ਸਭਾ ਤੋਂ ਮਜ਼ਬੂਤ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News