ਸੰਗਰੂਰ: ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਭਰੀਆਂ ਟਰਾਲੀਆਂ, 2 ਦੀ ਮੌਕੇ 'ਤੇ ਮੌਤ

10/22/2018 10:33:17 AM

ਸੰਗਰੂਰ(ਪ੍ਰਿੰਸ, ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਸੋਮਵਾਰ ਸਵੇਰੇ ਸੰਗਰੂਰ ਨੇੜਲੇ ਨੈਸ਼ਨਲ ਹਾਈਵੇ 'ਤੇ ਬਣੇ ਪੁਲ ਤੋਂ ਝੋਨੇ ਨਾਲ ਭਰੀਆਂ ਟਰਾਲੀਆਂ  ਡਿੱਗਣ ਨਾਲ ਵਾਪਰੇ ਭਿਆਨਕ ਹਾਦਸੇ 'ਚ ਝੋਨੇ 'ਤੇ ਬੈਠੇ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਟਰੈਕਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ।

PunjabKesari

ਜਾਣਕਾਰੀ ਅਨੁਸਾਰ ਪਿੰਡ ਹੰਡਿਆਇਆ (ਬਰਨਾਲਾ) ਦੇ ਕਿਸਾਨ ਝੋਨੇ ਦਾ ਜ਼ਿਆਦਾ ਮੁੱਲ ਲੈਣ ਲਈ ਇਕ ਟਰੈਕਟਰ ਪਿੱਛੇ ਝੋਨੇ ਦੀ ਭਰੀਆਂ 2 ਟਰਾਲੀਆਂ ਲੈ ਕੇ ਹਰਿਆਣਾ ਵੱਲ ਨੂੰ ਜਾ ਰਹੇ ਸਨ ਪਰ ਸੰਗਰੂਰ ਦੇ ਨੈਸ਼ਨਲ ਹਾਈਵੇ 'ਤੇ ਬਣੇ ਪੁਲ 'ਤੇ ਡਰਾਈਵਰ ਨੂੰ ਨੀਂਦ ਆ ਜਾਣ 'ਤੇ ਓਵਰਲੋਡ ਹੋਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੈਕਟਰ ਤੇ ਟਰਾਲੀਆਂ ਪੁਲ ਤੋਂ ਹੇਠਾਂ ਡਿੱਗ ਗਏ, ਜਿਸ ਦੇ ਸਿੱਟੇ ਵਜੋਂ ਟਰਾਲੀ 'ਚ ਬੈਠੇ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਟਰੈਕਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ 3 ਵਿਅਕਤੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ, ਅਮਰੀਕ ਸਿੰਘ ਪੁੱਤਰ ਅਜਮੇਰ ਸਿੰਘ ਦੀ ਮੌਤ ਹੋ ਗਈ ਹੈ ਜਦੋਂਕਿ ਭਗਤ ਸਿੰਘ ਪੁੱਤਰ ਅੰਗੇਰਜ਼ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਮਦਦ ਦੀ ਮੰਗ ਵੀ ਕੀਤੀ ਹੈ।

 


Related News