ਲੌਂਗੋਵਾਲ ਹਾਦਸੇ ਮਗਰੋਂ ਹਰਕਤ 'ਚ ਆਇਆ ਸੰਗਰੂਰ ਪ੍ਰਸ਼ਾਸਨ, 15 ਸਕੂਲੀ ਬੱਸਾਂ ਕੀਤੀਆਂ ਬੰਦ

02/17/2020 11:13:14 AM

ਸੰਗਰੂਰ, (ਹਨੀ ਕੋਹਲੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ) : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ਹੇਠ ਅੱਜ ਸਕੱਤਰ ਆਰ. ਟੀ. ਏ. ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ, ਵੈਨਾਂ ਆਦਿ ਦੀ ਜਾਂਚ ਸਬੰਧੀ ਵਿਆਪਕ ਮੁਹਿੰਮ ਚਲਾਈ ਗਈ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਲਹਿਰਾ ਅਤੇ ਮੂਨਕ ਖੇਤਰਾਂ 'ਚ ਚੱਲ ਰਹੀਆਂ 15 ਸਕੂਲ ਬੱਸਾਂ ਨੂੰ ਬੰਦ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਕੱਤਰ ਆਰ.ਟੀ.ਏ. ਕਰਨਬੀਰ ਸਿੰਘ ਛੀਨਾਂ ਨੇ ਦੱਸਿਆ ਕਿ ਲੌਂਗੋਵਾਲ ਵਿਖੇ ਵਾਪਰੀ ਦੁਖਾਂਤਕ ਘਟਨਾ ਤੋਂ ਬਾਅਦ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਂਚ ਮੁਹਿੰਮ ਨੂੰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 35 ਸਕੂਲੀ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਪਾਏ ਜਾਣ 'ਤੇ 15 ਸਕੂਲੀ ਬੱਸਾਂ ਨੂੰ ਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 5 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ ਹਨ ਅਤੇ ਜਾਂਚ ਦੌਰਾਨ ਸਮੂਹ ਬੱਸ ਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਵਿੱਖ 'ਚ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

PunjabKesari


ਛੀਨਾਂ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਲਗਾਤਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ 15 ਸਾਲ ਤੋਂ ਪੁਰਾਣੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ। ਇਸ ਸਬੰਧ 'ਚ ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲੇ ਵਿਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਵੀ ਸਕੂਲੀ ਵਾਹਨਾਂ ਦੀ ਜਾਂਚ ਕਰਨਗੇ ਅਤੇ ਆਰ.ਟੀ.ਏ. ਅਤੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਨੂੰ ਵੀ ਨਿਯਮਤ ਤੌਰ 'ਤੇ ਸਕੂਲੀ ਵਾਹਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿਚ ਮੁੜ ਕੋਈ ਵੀ ਦੁਖਾਂਤਕ ਘਟਨਾ ਨਾ ਵਾਪਰ ਸਕੇ।

ਡਿਪਟੀ ਕਮਿਸ਼ਨਰ ਥੋਰੀ ਨੇ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਵੀ ਪੇਂਡੂ ਜਾਂ ਸ਼ਹਿਰੀ ਖੇਤਰ 'ਚ ਕੋਈ ਪੁਰਾਣੀ ਸਕੂਲ ਬੱਸ ਜਾਂ ਅਣ-ਸੁਰੱਖਿਅਤ ਸਕੂਲੀ ਵਾਹਨ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਸਬੰਧੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 01672-232304 'ਤੇ ਦਰਜ ਕਰਵਾਈ ਜਾਵੇ। ਜ਼ਿਲਾ ਟਰਾਂਸਪੋਰਟ ਅਧਿਕਾਰੀ ਕਰਨਬੀਰ ਸਿੰਘ ਛੀਨਾਂ ਨੇ ਦੱਸਿਆ ਕਿ ਬੱਸਾਂ ਦੇ ਕਾਗਜ਼ ਅਤੇ ਫਿਟਨੈੱਸ ਦੀ ਕਮੀ ਸੀ ਅਤੇ ਤਿੰਨ ਬੱਸਾਂ ਅਜਿਹੀਆਂ ਸਨ ਜੋ ਚੱਲਣਯੋਗ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸੰਗਰੂਰ ਲੋਕਲ ਵੀ ਪੰਜ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਇਕ ਥ੍ਰੀ-ਵ੍ਹੀਲਰ ਦਾ ਵੀ ਚਲਾਨ ਕੱਟਿਆ ਗਿਆ ਜੋ ਕਿ ਆਪਣੀ ਸਮਰੱਥਾ ਤੋਂ ਵੱਧ ਬੱਚੇ ਲੈ ਕੇ ਜਾ ਰਿਹਾ ਸੀ।


cherry

Content Editor

Related News