ਪੇਸ਼ੀ ਭੁਗਤਣ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ, 1 ਦੀ ਮੌਤ 6 ਜ਼ਖਮੀ
Tuesday, Mar 19, 2019 - 05:17 PM (IST)
ਸੰਗਰੂਰ (ਰਾਜੇਸ਼) : ਬਰਨਾਲਾ ਤੋਂ ਪਟਿਆਲਾ ਕਿਸੇ ਕੇਸ ਵਿਚ ਪੇਸ਼ੀ ਭੁਗਤਣ ਜਾ ਰਹੇ 17 ਲੋਕਾਂ ਦੇ ਸੜਕ ਹਾਦਸੇ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬਲੇਰੋ ਜੀਪ ਸੰਗਰੂਰ ਦੇ ਓਵਰਬ੍ਰਿਜ 'ਤੇ ਪਹੁੰਚੀ ਤਾਂ ਅਚਾਨਕ ਗੱਡੀ ਦਾ ਟਾਇਰ ਫੱਟ ਗਿਆ ਅਤੇ ਗੱਡੀ ਦਾ ਸੰਤੁਲਨ ਵਿਗੜਨ ਕਾਰਨ 7 ਲੋਕ ਜੋ ਕਿ ਜੀਪ ਦੇ ਪਿੱਛੇ ਬੈਠੇ ਹੋਏ ਸਨ, ਉਹ ਪੁਲ ਤੋਂ ਹੇਠਾਂ ਡਿੱਗ ਗਏ, ਜਿਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਅਤੇ 6 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਪਹਿਲਾਂ ਸੰਗਰੂਰ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ 17 ਲੋਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ।