ਡੇਂਗੂ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਛੱਪਡ਼ਾਂ ’ਚ ਛੱਡੀਆਂ ਗੰਬੂਜ਼ੀਆ ਮੱਛੀਆਂ

Monday, Apr 22, 2019 - 04:10 AM (IST)

ਸੰਗਰੂਰ (ਕਾਂਸਲ)-ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਥਾਨਕ ਐੱਸ. ਐੱਮ. ਓ. ਡਾਕਟਰ ਪ੍ਰਵੀਨ ਗਰਗ ਅਤੇ ਡਾਕਟਰ ਪ੍ਰੀਤੀ ਗੌਤਮ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਮਿੰਨੀ ਪੀ. ਐੱਚ. ਸੀ. ਨਦਾਮਪੁਰ ਅਧੀਨ ਆਉਂਦੇ ਪਿੰਡਾਂ ਦੇ ਛੱਪਡ਼ਾਂ ’ਚ ਗੰਬੂਜ਼ੀਆ ਮੱਛੀਆਂ ਛੱਡੀਆਂ ਗਈਆਂ। ਜਾਣਕਾਰੀ ਦਿੰਦਿਆਂ ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਮੱਛੀਆਂ ਛੱਪਡ਼ਾਂ ’ਚ ਪਲਦੇ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ। ਜਿਸ ਕਾਰਨ ਮੱਛਰ ਦੀ ਪੈਦਾਵਾਰ ਨਹੀਂ ਹੁੰਦੀ ਅਤੇ ਇਸ ਨਾਲ ਹੀ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਹੋਰ ਸਥਾਨਾਂ ਦੇ ਨੇਡ਼ੇ ਗੰਦਾ ਜਾਂ ਸਾਫ ਪਾਣੀ ਨਾ ਖਡ਼੍ਹਣ ਦੇਣ, ਘਰਾਂ ਵਿਚ ਗਮਲਿਆਂ ਅਤੇ ਹੋਰ ਵਸਤੂਆਂ ਵਿਚ ਵੀ ਪਾਣੀ ਨਾ ਖਡ਼੍ਹਣ ਦੇਣ ਅਤੇ ਆਪਣੇ ਕੂਲਰਾਂ ਵਿਚ ਪਾਣੀ ਨੂੰ ਹਰ ਹਫ਼ਤੇ ਬਦਲਦੇ ਰਹਿਣ ਅਤੇ ਕੂਲਰਾਂ ਵਿਚ ਪਾਣੀ ਵਿਚ ਡੀਜ਼ਲ ਜਾਂ ਕਾਲਾ ਤੇਲ ਵਗੈਰਾਂ ਦੀਆਂ ਕੁਝ ਬੂੰਦਾਂ ਜ਼ਰੂਰ ਪਾਉਣ, ਸਰੀਰ ਨੂੰ ਪੂਰੀ ਤਰ੍ਹਾਂ ਕੱਪਡ਼ਿਆਂ ਨਾਲ ਢੱਕ ਕੇ ਰੱਖਣ ਅਤੇ ਰਾਤ ਨੂੰ ਸੌਣ ਸਮੇਂ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਪਨ ਕੁਮਾਰ, ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਸਾਰੇ ਐੱਮ. ਪੀ. ਐੱਚ. ਡਬਲਯੂ ਮੌਜੂਦ ਸਨ।

Related News