ਬਿਜਲੀ ਸਪਾਰਕਿੰਗ ਕਾਰਨ ਲੱਗੀ ਅੱਗ ਨਾਲ 4 ਕਿੱਲੇ ਟਾਂਗਰ ਸਡ਼ ਕੇ ਸੁਆਹ

Monday, Apr 22, 2019 - 04:09 AM (IST)

ਸੰਗਰੂਰ (ਮੇਸ਼ੀ, ਸ਼ਾਮ)- ਤਾਜ਼ੋ-ਰੂਡ਼ੇਕੇ ਲਿੰਕ ਰੋਡ ’ਤੇ ਬਿਜਲੀ ਸਪਾਰਕਿੰਗ ਕਾਰਨ ਡਿੱਗੇ ਚੰਗਿਆਡ਼ਿਆਂ ਤੋਂ ਲੱਗੀ ਅੱਗ ਨਾਲ 4 ਕਿੱਲੇ ਟਾਂਗਰ ਸਡ਼ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਹਾਜ਼ਰ ਕਿਸਾਨਾਂ ਬਿੱਕਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਰਾਜਦੀਪ ਸਿੰਘ, ਰਾਮ ਸਿੰਘ, ਮੱਖਣ ਸਿੰਘ, ਗੋਰਾ ਸਿੰਘ, ਨਿਰਮਲ ਸਿੰਘ, ਗਗਨਾ ਸਿੰਘ, ਕਾਕਾ ਸਿੰਘ, ਦਰਸ਼ਨ ਸਿੰਘ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਜੀਵਨ ਸ਼ਰਮਾ ਨੇ ਅੱਜ ਦੁਪਹਿਰ ਸਮੇਂ ਹੀ ਕੰਬਾਇਨ ਰਾਹੀਂ ਕਣਕ ਵੱਢੀ ਸੀ,ਖੇਤ ਵਿਚ ਸਿਰਫ਼ ਟਾਂਗਰ ਖਡ਼੍ਹਾ ਸੀ ਜਿਸ ਨੂੰ ਬਿਜਲੀ ਦੇ ਖੰਭੇ ਤੋਂ ਸਪਾਰਕਿੰਗ ਹੋਣ ਕਾਰਨ ਡਿੱਗੇ ਚੰਗਿਆਡ਼ਿਆਂ ਤੋਂ ਅੱਗ ਲੱਗ ਗਈ,ਜਿਸਦਾ ਪਤਾ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਲੱਗਾ ਜਿਨ੍ਹਾਂ ਤੁਰੰਤ ਇਸ ਦੀ ਸੂਚਨਾ ਪਿੰਡ ਤਾਜੋਕੇ ਵਿਖੇ ਦਿੱਤੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਸਬੰਧੀ ਅਨਾਊਂਸਮੈਂਟ ਕਰਵਾਈ। ਸੂਚਨਾ ਮਿਲਦੇ ਹੀ ਪਿੰਡ ਵਾਸੀ ਆਪਣੇ ਟਰੈਕਟਰਾਂ, ਕਹੀਆਂ, ਬਾਲਟੀਆਂ ਅਤੇ ਹੋਰ ਸੰਦਾਂ ਰਾਹੀਂ ਵੱਡੀ ਤਦਾਦ ’ਚ ਘਟਨਾ ਸਥਲ ’ਤੇ ਪੁੱਜੇ ਜਿਨ੍ਹਾਂ ਨੇ ਬਡ਼ੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਹਾਜ਼ਰ ਸਮਾਜ ਸੇਵੀ ਤਰਲੋਚਨ ਬਾਂਸਲ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਬਰਨਾਲਾ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰਮੈਨ ਇਕਬਾਲ ਸਿੰਘ ਅਤੇ ਡਰਾਈਵਰ ਗੁਰਜੰਟ ਸਿੰਘ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਸਮੂਹ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਸੀ। ਮੌਕੇ ’ਤੇ ਹਾਜ਼ਰ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਮੁਕੰਮਲ ਵਾਢੀ ਸਮੇਂ ਤੱਕ ਬਰਨਾਲਾ ਤੋਂ ਇਕ ਫਾਇਰ ਬ੍ਰਿਗੇਡ ਦੀ ਗੱਡੀ ਤਪਾ ਤਾਜੋ ਕੈਂਚੀਆਂ ਤੇ ਆਰਜ਼ੀ ਤੌਰ ’ਤੇ ਸਥਾਪਤ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣੋ ਬਚ ਸਕੇ। ਇਸ ਦੇ ਨਾਲ ਹੀ ਉਨ੍ਹਾਂ ਫਾਇਰ ਬ੍ਰਿਗੇਡ ਦੀ ਕਮੀ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਇਕ ਫਾਇਰ ਬਿਗੇਡ ਦੀ ਗੱਡੀ ਸਬਡਵੀਜ਼ਨ ਤਪਾ ਵਿਖੇ ਮੁਹੱਈਆ ਕਰਵਾਈ ਜਾਵੇ। ਇਥੇ ਦੱਸਣਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਵੀ ਸਬ ਡਵੀਜ਼ਨ ਤਪਾ ਵਿਖੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

Related News