ਡੀ. ਸੀ. ਵੱਲੋਂ ਫੌਜੀ ਬਸਤੀ ਦਾ ਦੌਰਾ, ਪਾਣੀ ਦੇ ਸੈਂਪਲ ਲੈਬਾਰਟਰੀ ’ਚ ਜਾਂਚ ਲਈ ਭੇਜੇ

Friday, Apr 19, 2019 - 09:19 AM (IST)

ਡੀ. ਸੀ. ਵੱਲੋਂ ਫੌਜੀ ਬਸਤੀ ਦਾ ਦੌਰਾ, ਪਾਣੀ ਦੇ ਸੈਂਪਲ ਲੈਬਾਰਟਰੀ ’ਚ ਜਾਂਚ ਲਈ ਭੇਜੇ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸਾਫ਼ ਪੀਣਯੋਗ ਪਾਣੀ ਨਾ ਮਿਲਣ ਦੀ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਥਾਨਕ ਫੌਜੀ ਬਸਤੀ ਦੀ ਗਲੀ ਨੰ. 4 ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁਹੱਲਾ ਵਾਸੀਆਂ ਨਾਲ ਸਮੱਸਿਆ ਸਬੰਧੀ ਗੱਲਬਾਤ ਕੀਤੀ ਅਤੇ ਇਸ ਦੇ ਫੌਰੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਵਾਟਰ ਸਪਲਾਈ ਦੀਆਂ ਪਾਈਪਾਂ ’ਚ ਆ ਰਹੇ ਪਾਣੀ ਦੇ ਤੁਰੰਤ ਸੈਂਪਲ ਭਰਵਾ ਕੇ ਲੈਬਾਰਟਰੀ ਤੋਂ ਜਾਂਚ ਕਰਵਾਉਣ ਲਈ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਕਲੋਰੀਨੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਆਉਣ ਦਾ ਮੁੱਖ ਕਾਰਨ ਪਾਈਪਾਂ ’ਚ ਜੰਗ ਹੈ ਤੇ ਇਸ ਇਲਾਕੇ ’ਚ ਲੱਗੇ ਟੁੱਲੂਪੰਪ ਇਸ ਸਮੱਸਿਆ ’ਚ ਹੋਰ ਵੀ ਵਾਧਾ ਕਰ ਰਹੇ ਹਨ। ਉੁਨ੍ਹਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਲਦ ਤੋਂ ਜਲਦ ਪਾਈਪਾਂ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਫੌਰੀ ਰਾਹਤ ਪ੍ਰਦਾਨ ਕਰਵਾਈ ਜਾ ਸਕੇ। ਸ. ਫੂਲਕਾ ਨੇ ਸਿਵਲ ਸਰਜਨ ਬਰਨਾਲਾ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਸਥਾਨਕ ਫੌਜੀ ਬਸਤੀ ਦੇ ਮਰੀਜ਼ਾਂ ਦਾ ਇਲਾਜ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਲੋਡ਼ੀਂਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ’ਚ ਕੋਈ ਵੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸੀਵਰੇਜ ਬੋਰਡ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸੀਵਰੇਜ ਲਾਈਨ ਦੇ ਨਾਲ-ਨਾਲ ਨਾਲੀਆਂ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਗੰਦਾ ਪਾਣੀ ਖਡ਼੍ਹਾ ਨਾ ਹੋ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਕਾਰਜ ਸਾਧਕ ਅਫ਼ਸਰ ਬਰਨਾਲਾ ਪਰਵਿੰਦਰ ਸਿੰਘ ਭੱਟੀ, ਸਹਾਇਕ ਸਿਵਲ ਸਰਜਨ ਡਾ. ਜੋਤੀ ਕੌਸ਼ਲ, ਜੇ. ਈ. ਵੀ. ਕੇ. ਸਿੰਘ, ਜੇ. ਈ. ਸੁਰਿੰਦਰਪਾਲ ਸਿੰਘ, ਸੀਵਰੇਜ ਬੋਰਡ ਤੇ ਨਗਰ ਕੌਂਸਲ ਦਾ ਹੋਰ ਸਟਾਫ਼ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।

Related News