ਸਤਿਗੁਰੂ ਦੇ ਮਾਰਗ ਦਰਸ਼ਨ ’ਚ ਰਹਿ ਕੇ ਹੀ ਇਨਸਾਨ ਮਹਾਮਾਨਵ ਬਣ ਸਕਦੈ : ਭਾਰਤੀ

Monday, Apr 08, 2019 - 04:00 AM (IST)

ਸਤਿਗੁਰੂ ਦੇ ਮਾਰਗ ਦਰਸ਼ਨ ’ਚ ਰਹਿ ਕੇ ਹੀ ਇਨਸਾਨ ਮਹਾਮਾਨਵ ਬਣ ਸਕਦੈ : ਭਾਰਤੀ
ਸੰਗਰੂਰ (ਮੰਗਲਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਾਰਤ ਨਵੇਂ ਸਾਲ ਬਿਕਰਮੀ ਸੰਮਤ 2076 ਦੇ ਸ਼ੁੱਭ ਆਰੰਭ ਮੌਕੇ ਇਕ ਅਧਿਆਤਮਕ ਅਤੇ ਸੰਸਕ੍ਰਿਤਕ ਸਮਾਗਮ ਦਾ ਆਯੋਜਨ ਪਟਿਆਲਾ ਰੋਡ ਸੁਨਾਮ ਆਸ਼ਰਮ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸ਼ੁੱਭ ਆਰੰਭ ਹਵਨ ਯੱਗ ਅਤੇ ਮੰਤਰ ਉਚਾਰਨ ਕਰ ਕੇ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਅਵਿਨਾਸ਼ ਭਾਰਤੀ ਜੀ ਨੇ ਕਿਹਾ ਕਿ ਭਾਰਤੀ ਕੈਲੰਡਰ ਅਨੁਸਾਰ, ਜਿਸ ਦਿਨ ਸ੍ਰਿਸ਼ਟੀ ਦਾ ਆਰੰਭ ਹੋਇਆ ਸੀ, ਉਸ ਦਿਲ ਨੂੰ ਪਹਿਲੇ ਦਿਨ ਦੇ ਰੂਪ ਵਿਚ ਸਵਿਕਾਰ ਕੀਤਾ ਗਿਆ ਹੈ। ਇਸ ਦਾ ਅਨੁਸਰਨ ਕਰਦੇ ਹੋਏ ਮਹਾਰਾਜ ਵਿਕਰਮਾ ਦਿੱਤ ਨੇ ਇਕ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਭਾਰਤੀ ਲੋਕ ਤਾਰੀਖਾਂ, ਮਹੀਨੇ ਅਤੇ ਸਾਲਾਂ ਦੇ ਜਾਣਕਾਰ ਹੋਣ। ਇਸ ਬਿਕਰਮੀ ਸੰਮਤ ਦੇ ਹਿਸਾਬ ਨਾਲ ਚੇਤਰ ਸ਼ੁਕਲ ਪੱਖ ਯਾਨੀ 6 ਅਪ੍ਰੈਲ ਦੇ ਦਿਨ ਸਾਡੇ ਭਾਰਤ ਦੇਸ਼ ਦੇ ਨਵੇਂ ਬਿਕਰਮੀ ਸੰਮਤ 2076 ਦਾ ਆਰੰਭ ਹੋਇਆ ਹੈ ਪਰ ਗ੍ਰੇਗੋਰੀਯਨ ਕੈਲੰਡਰ ਜਿਸ ਨੂੰ ਅਸੀਂ ਪੱਛਮੀ ਸਭਿਆਚਾਰ ਦੇ ਪਿੱਛੇ ਲਗਣ ਦੇ ਕਾਰਨ ਮੰਨ ਰਹੇ ਹਾਂ। ਉਸ ਦਾ ਨਿਰਮਾਣ ਕੇਵਲ ਕੁਝ ਅੰਦਾਜੇ ਅਤੇ ਅਨੁਮਾਨਾਂ ਦੇ ਆਧਾਰ ’ਤੇ ਹੀ ਹੋਇਆ ਹੈ। ਇਸ ਕੈਲੰਡਰ ਵਿਚ ਜਨਵਰੀ ਅਤੇ ਦਸੰਬਰ ਤੱਕ 12 ਮਹੀਨੇ ਹਨ, ਪਹਿਲਾਂ ਇਸ ਵਿਚ ਕੇਵਲ 10 ਮਹੀਨੇ ਹੀ ਹੁੰਦੇ ਸਨ। ਜੁਲਾਈ ਅਤੇ ਅਗਸਤ ਦਾ ਮਹੀਨਾ ਇਸ ਕੈਲੰਡਰ ਵਿਚ ਬਾਅਦ ਵਿਚ ਦਰਜ ਕੀਤਾ ਗਿਆ ਸੀ। ਜੁਲਾਈ ਦਾ ਮਹੀਨਾ ਜੁਲੀਯਸ ਸੀਜਰ ਨੂੰ ਸ਼ਰਧਾਂਜਲੀ ਸੀ, ਜਦੋਂ ਕਿ ਅਗਸਤ ਦਾ ਮਹੀਨਾ ਆਗਸਟਾਈਨ ਨੂੰ ਸਮਰਪਿਤ ਕੀਤਾ ਗਿਆ ਹੈ। ਅੰਤ ਵਿਚ ਉਨਾਂ ਨੇ ਕਿਹਾ ਕਿ ਸਾਨੂੰ ਆਪਣੀ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਵਿਗਿਆਨਤਾ ਅਤੇ ਮਹਿਮਾ ਨੂੰ ਸਮਝਦੇ ਹੋਏ ਵਿਕਰਮੀ ਸੰਮਤ ਦੇ ਅਨੁਸਾਰ ਹੀ ਮਨਾਉਣਾ ਚਾਹੀਦਾ ਹੈ। ਜਿਸ ਦਾ ਆਧਾਰ ਕਲਪਨਾਵਾਂ ਜਾਂ ਅਨੁਮਾਨ ਨਹੀਂ ਬਲਕਿ ਅਧਿਆਤਮ ਅਤੇ ਵਿਗਿਆਨ ਹੈ। ਅੰਤ ਵਿਚ ਸਾਧਵੀ ਭਾਰਤੀ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਤਿਗੁਰੂ ਦੇ ਮਾਰਗ ਦਰਸ਼ਨ ਵਿਚ ਰਹਿ ਕੇ ਹੀ ਇਕ ਇਨਸਾਨ ਮਹਾਂ ਮਾਨਵ ਬਣ ਸਕਦਾ ਹੈ। ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਕੇ ਪਰਮ ਅਵੱਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰੂ ਦੁਆਰਾ ਪ੍ਰਦਾਨ ਕੀਤੇ ਗਏ ਗਿਆਨ ਦੇ ਅਨੁਸਾਰ ਹੀ ਉਹ ਗੁਣ ਸੰਚਿਤ ਕੀਤੇ ਜਾ ਸਕਦੇ ਹਨ ਜਿੰਨਾਂ ਦੁਆਰਾ ਆਪਣੀ ਸੰਸਕ੍ਰਿਤੀ ਨੂੰ ਜੀਵਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਇਕ ਲਘੂ ਨਾਟਕਾ ਭਾਰਤ ਵਿਸ਼ਵ ਕਾ ਹਿਰਦੈ ਦਾ ਮੰਚਨ ਵੀ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਵਾਲੇ ਭਗਤ ਜਨਾਂ ਭਾਰਤੀ ਸੰਸਕ੍ਰਿਤੀ ਨਾਲ ਸਬੰਧਤ ਵਿਲੱਖਣ ਤੱਥਾਂ ਦੀ ਜਾਣਕਾਰੀ ਹਾਸਲ ਕੀਤੀ।

Related News