ਚੋਣ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ
Wednesday, Mar 27, 2019 - 04:03 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)- ਦੇਸ਼ ਅੰਦਰ 17ਵੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਨੋਟੀਫਿਕੇਸ਼ਨ ਭਾਰਤੀ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ ਤੇ ਕਈ ਸੂਬਿਆਂ ਵਿਚ ਨਾਮਜ਼ਦਗੀਆਂ ਵੀ ਭਰਨੀਆਂ ਸ਼ੁਰੂ ਹੋ ਗਈਆਂ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਆਗੂ ਦੇ ਕਿਸੇ ਵੀ ਸਕੀਮ ਨਾਲ ਸਬੰਧਤ ਇਸ਼ਤਿਹਾਰ ਲਾਉਣਾ ਚੋਣ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾਂ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ। ਸੰਗਰੂਰ-ਪਟਿਆਲਾ ਹਾਈਵੇ ’ਤੇ ਭਾਈ ਗੁਰਦਾਸ ਇੰਸਟੀਚਿਉੂਟ ਦੇ ਸਾਹਮਣੇ ਪੈਟਰੋਲ ਪੰਪ ’ਤੇ ਅੱਜ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੇ ‘‘ਉਜਵਲਾ ਜਲੇ’’ ਸਕੀਮ ਦੇ ਬੋਰਡ ਲੱਗੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲਾ ਚੋਣ ਅਧਿਕਾਰੀ ਤੇ ਕਿੰਨੇ ਹੀ ਹੋਰ ਅਧਿਕਾਰੀ ਤੇ ਕਰਮਚਾਰੀ ਜੋ ਸੰਗਰੂਰ ਤੋਂ ਪਟਿਆਲਾ ਜਾਂ ਚੰਡੀਗਡ਼੍ਹ ਲਈ ਇਸੇ ਰੋਡ ਤੋਂ ਲੰਘਦੇ ਹਨ ਪਰ ਕਿਸੇ ਨੇ ਵੀ ਇਸ ਬੋਰਡ ਨੂੰ ਇਥੇ ਹਟਾਉਣ ਦੀ ਜ਼ਹਿਮਤ ਨਹੀਂ ਝੱਲੀ। ਇਸ ਤੋਂ ਪਹਿਲਾਂ ਜ਼ਿਲਾ ਚੋਣ ਅਧਿਕਾਰੀ ਵੱਲੋਂ ਨਗਰ ਕੌਂਸਲ ਨੂੰ ਹਦਾਇਤਾਂ ਕਰ ਕੇ ਸ਼ਹਿਰ ਅੰਦਰ ਅਤੇ ਦਫਤਰਾਂ ਅੰਦਰ ਲੱਗੀਆਂ ਆਗੂਆਂ ਦੀਆਂ ਫੋਟੋਆਂ ਨੂੰ ਤਾਂ ਉਤਰਵਾ ਦਿੱਤਾ ਸੀ ਪਰ ਇਹ ਸੰਗਰੂਰ-ਪਟਿਆਲਾ ਹਾਈਵੇ ’ਤੇ ਲੱਗੇ ਇੰਨੇ ਵੱਡੇ-ਵੱਡੇ ਬੋਰਡ ਆਖਿਰ ਚੋਣ ਅਧਿਕਾਰੀਆਂ ਦੀਆਂ ਅੱਖਾਂ ਤੋਂ ਓਹਲੇ ਕਿਵੇਂ ਹੋ ਗਏ। ਇਨ੍ਹਾਂ ਨੂੰ ਉਤਰਵਾਉਣ ਦੀ ਵਾਰੀ ਆਖਰ ਕਦੋਂ ਆਵੇਗੀ।