ਗੁਰਦਿਆਂ ਦੀਆਂ ਬੀਮਾਰੀਆਂ ਦਾ ਮੁਫਤ ਚੈੱਕਅਪ ਕੈਂਪ
Wednesday, Mar 13, 2019 - 04:06 AM (IST)

ਸੰਗਰੂਰ (ਯਾਸੀਨ)-ਗੁਰਦਿਆਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਲੋਕਾਂ ਲਈ ਸਥਾਨਕ ਹਜ਼ਰਤ ਹਲੀਮਾ ਚੈਰੀਟੇਬਲ ਹਸਪਤਾਲ ਵਿਖੇ ਇਕ ਮੁਫਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਫਾਇਦਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਉਠਾਇਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸੁਪਰਡੈਂਟ ਡਾ. ਰਮਨਪ੍ਰੀਤ ਕੌਰ ਅਤੇ ਕਨਵੀਨਰ ਡਾ. ਮੁਹੰਮਦ ਸ਼ੱਬੀਰ ਨੇ ਦੱਸਿਆ ਕਿ ਉਕਤ ਕੈਂਪ ਦਾ ਮੰਤਵ ਸ਼ਹਿਰ ਦੇ ਆਮ ਤੇ ਗਰੀਬ ਲੋਕਾਂ ਨੂੰ ਵਧੀਆ ਤੇ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੀ। ਉਨ੍ਹਾਂ ਅਨੁਸਾਰ ਕੈਂਪ ਦੌਰਾਨ ਆਏ ਵੱਡੀ ਗਿਣਤੀ ’ਚ ਮਰੀਜ਼ਾਂ ਦਾ ਚੈੱਕਅਪ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਦੀ ਐਸੋਸੀਏਟ ਪ੍ਰੋਫੈਸਰ ਡਾ. ਯਾਸਮੀਨ ਦਾਸ ਐੱਮ. ਡੀ. ਮੈਡੀਸਨ ਅਤੇ ਡੀ. ਐੱਨ. ਬੀ. ਨੋਫਰਾਲੌਜੀ ਨੇ ਕੀਤਾ ਅਤੇ ਜ਼ਰੂਰਤਮੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਖਾਸੀਅਤ ਇਹ ਰਹੀ ਕਿ ਜਿਨ੍ਹਾਂ ਮਰੀਜ਼ਾਂ ਦਾ ਉਕਤ ਹਸਪਤਾਲ ਤੋਂ ਡਾਇਲਾਸਿਸ ਚੱਲ ਰਿਹਾ ਹੈ, ਉਨ੍ਹਾਂ ਦਾ ਵੀ ਮੁਫਤ ਚੈੱਕਅਪ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਸ਼ਹਿਰ ਵਾਸੀਆਂ ਦੀ ਮੰਗ ਨੂੰ ਦੇਖਦਿਆਂ ਉਕਤ ਹਸਪਤਾਲ ਵਿਖੇ ਹਰ ਮੰਗਲਵਾਰ ਨੂੰ ਡਾ. ਯਾਸਮੀਨ ਦਾਸ ਨੇ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਮਰੀਜ਼ਾਂ ਦਾ ਚੈੱਕਅਪ ਕਰਨਾ ਮੰਨ ਲਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਇਰਮ ਇਕਬਾਲ, ਰਿਜ਼ਵਾਨ ਅਹਿਮਦ, ਮੁਹੰਮਦ ਅਰਸ਼ਦ ਅਤੇ ਮੁਹੰਮਦ ਮੁਸਤਫਾ (ਤਿੰਨੋਂ ਕਲਰਕ) ਅਤੇ ਨਰਸਿੰਗ ਸਿਸਟਰ ਰੇਖਾ ਰਾਣੀ ਮੌਜੂਦ ਸਨ।