‘ਖਿਡ਼ ਖਿਡ਼ਾ ਕੇ ਹੱਸਣਾ ਤਣਾਅ ਨੂੰ ਘਟਾਉਂਦੈ’
Monday, Mar 11, 2019 - 04:01 AM (IST)

ਸੰਗਰੂਰ (®ਬੇਦੀ, ਹਰਜਿੰਦਰ®®®)– ਸਥਾਨਕ ਪੁਲਸ ਲਾਈਨ ਦੇ ਹਸਪਤਾਲ ਵਿਚ ਸਿਹਤ ਬਾਰੇ ਹੋਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਐੱਚ. ਐੱਸ. ਬਾਲੀ ਨੇ ਕਿਹਾ ਕਿ ਸਿਹਤ ਕਾਇਮ ਰੱਖਣ ਲਈ ਮਨੁੱਖ ਦਾ ਤਣਾਅ ਰਹਿਤ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖਿਡ਼ ਖਿਡ਼ਾ ਕੇ ਹੱਸਣਾ ਤਣਾਅ ਨੂੰ ਘਟਾਉਂਦਾ ਹੈ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਵੱਖ–ਵੱਖ ਉਦਾਹਰਨਾਂ ਦੇ ਕੇ ਦੱਸਿਆ ਕਿ ਅੱਜ ਵਿਸ਼ਵ ਦੇ 98 ਫੀਸਦੀ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਪੀਡ਼ਤ ਹਨ। ਇਸ ਦਾ ਵੱਡਾ ਕਾਰਨ ਮਨੁੱਖ ਦੀ ਜੀਵਨਸ਼ੈਲੀ ਵਿਚ ਆਈ ਤਬਦੀਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸੇ ਕਾਰਨ ਰੋਗ ਵਧ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੀਨੀਅਰ ਸਿਟੀਜ਼ਨਜ਼ ਅਤੇ ਪੈਨਸ਼ਨਰਜ਼ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋਡ਼ਾ ਨੇ ਕਿਹਾ ਕਿ ਜੇ ਤਿੰਨ ਚਿੱਟੀਆਂ ਜ਼ਹਿਰਾਂ ਚੀਨੀ, ਨਮਕ ਅਤੇ ਵਲੈਤੀ ਘਿਉ ਤੋਂ ਛੁਟਕਾਰਾ ਹੋ ਜਾਵੇ ਤਾਂ ਮਨੁੱਖ ਤੰਦਰੁਸਤੀ ਵੱਲ ਵਧ ਸਕਦਾ ਹੈ। ਨਰੋਈ ਸਿਹਤ ਅਤੇ ਤੰਦਰੁਸਤ ਜੀਵਨ ਲਈ ਬੇਲੋਡ਼ੇ ਖਾਣ-ਪੀਣ ਤੋਂ ਪ੍ਰਹੇਜ਼ ਕਰਨ ਦੀ ਲੋਡ਼ ਹੈ। ਸਮਾਰੋਹ ਨੂੰ ਡਾ. ਭਗਵਾਨ ਸਿੰਘ ਐੱਸ.ਐੱਮ.ਓ., ਡਾ. ਨਰਵਿੰਦਰ ਕੌਸ਼ਲ, ਡਾ. ਅਮਨਦੀਪ ਕੌਰ ਗੋਸਲ, ਕੁਲਵਿੰਦਰ ਕੌਰ ਢੀਂਗਰਾ, ਹਰਜੀਤ ਸਿੰਘ ਢੀਂਗਰਾ, ਐੱਨ. ਪੀ. ਬਾਂਸਲ, ਜਸਵੀਰ ਸਿੰਘ ਖ਼ਾਲਸਾ, ਲਾਈਫ਼ ਗਾਰਡ ਨਰਸਿੰਗ ਕਾਲਜ ਦੀ ਵਿਦਿਆਰਥਣ ਸੁਰਭੀ, ਨੈਸ਼ਨਲ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਜਸਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਿਟੀਜ਼ਨ ਮੰਚ ਸੰਗਰੂਰ ਦੇ ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਗਰੇਵਾਲ ਐਡਵੋਕੇਟ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਰਪ੍ਰਸਤ ਸ਼੍ਰੀ ਲਲਿਤ ਗਰਗ ਐਡਵੋਕੇਟ ਨੇ ਧੰਨਵਾਦ ਕੀਤਾ।