ਭਾਕਿਯੂ ਨੇ ਥਾਣਾ ਲੌਂਗੋਵਾਲ ਵਿਖੇ ਦਿੱਤਾ ਰੋਸ ਧਰਨਾ
Friday, Mar 01, 2019 - 03:55 AM (IST)
ਸੰਗਰੂਰ (ਵਸ਼ਿਸ਼ਟ, ਵਿਜੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਸ਼ੂ ਚੋਰਾਂ ਨੂੰ ਪੁਲਸ ਵੱਲੋਂ ਨਾ ਫਡ਼ੇ ਜਾਣ ਦੇ ਰੋਸ ਵਜੋਂ ਅੱਜ ਥਾਣਾ ਲੌਂਗੋਵਾਲ ਵਿਖੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾਈ ਆਗੂ ਜਸਵਿੰਦਰ ਸਿੰਘ ਸੋਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਥੋਂ ਦੇ ਕਿਸਾਨ ਮਹਿੰਦਰ ਸਿੰਘ ਦੀਆਂ 6 ਦੁਧਾਰੂ ਕੀਮਤੀ ਮੱਝਾਂ ਸਮੇਤ 9 ਪਸ਼ੂ ਚੋਰੀ ਹੋ ਗਏ ਸਨ। ਇਸ ਤੋਂ ਇਲਾਵਾ ਧੂਰੀ, ਨਮੋਲ, ਖੇਤਲਾ, ਢੱਡਰੀਆਂ ਆਦਿ ਪਿੰਡਾਂ ਵਿਚ ਕਿਸਾਨਾਂ ਦੀਆਂ ਮੱਝਾਂ ਚੋਰੀ ਹੋਈਆਂ ਸਨ। ਇੰਨੇ ਦਿਨ ਬੀਤਣ ’ਤੇ ਵੀ ਪੁਲਸ ਦੇ ਹੱਥ ਅਜੇ ਤੱਕ ਖ਼ਾਲੀ ਹਨ। ਕਿਸਾਨਾਂ ਦੀਆਂ ਖੇਤੀ ਮੋਟਰਾਂ, ਕੇਬਲਾਂ, ਟਰਾਂਸਫ਼ਾਰਮਰ ਅਤੇ ਪਸ਼ੂ ਲਗਾਤਾਰ ਚੋਰੀ ਹੋ ਰਹੇ ਹਨ ਪਰ ਪੁਲਸ ਇਨ੍ਹਾਂ ਮਾਮਲਿਆਂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਸ਼ੂਆਂ ਦੀ ਬਰਾਮਦਗੀ ਨਹੀਂ ਹੋ ਜਾਂਦੀ ਅਤੇ ਚੋਰਾਂ ਨੂੰ ਫਡ਼ ਨਹੀਂ ਲਿਆ ਜਾਂਦਾ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਧਰਨੇ ਨੂੰ ਜਸਵੰਤ ਸਿੰਘ ਤੋਲਾਵਾਲ, ਮਹਿੰਦਰ ਸਿੰਘ ਨਮੋਲ, ਅਮਰ ਸਿੰਘ, ਰਣਜੀਤ ਸਿੰਘ ਲੌਂਗੋਵਾਲ, ਹਾਕਮ ਸਿੰਘ ਲਾਹਡ਼, ਸਰੂਪ ਚੰਦ ਕਿਲਾ ਭਰੀਆਂ, ਜੁਝਾਰ ਲੌਂਗੋਵਾਲ, ਕਰਨੈਲ ਸਿੰਘ ਜੱਸੇ ਕਾ, ਨੰਬਰਦਾਰ ਪਰਮਜੀਤ ਸਿੰਘ ਕਿਲਾ ਭਰੀਆਂ, ਭੋਲਾ ਸਿੰਘ ਸੰਗਰਾਮੀ, ਜਗਪਾਲ ਸਿੰਘ ਸ਼ੇਰੋਂ ਆਦਿ ਨੇ ਸੰਬੋਧਨ ਕੀਤਾ। ਇਸ ਸਬੰਧੀ ਐੱਸ. ਐੱਚ. ਓ. ਬਲਵੰਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਘਟਨਾ ਨੂੰ ਪਹਿਲੇ ਦਿਨ ਤੋਂ ਹੀ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
