ਸੱਤ ਰੋਜਾ ਸਪੈਸ਼ਲ ਕੈਂਪ ਦਾ ਆਗਾਜ਼
Sunday, Feb 03, 2019 - 09:55 AM (IST)

ਸੰਗਰੂਰ (ਰਿਖੀ)-ਮਾਡਰਨ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਨਿਰਦੇਸ਼ਾਂ ਤਹਿਤ ਸੱਤ ਰੋਜ਼ਾ ਸਪੈਸ਼ਲ ਐੱਨ.ਐੱਸ.ਐੱਸ. ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਮੈਡਮ ਗੁਰਵਿੰਦਰ ਕੌਰ ਪ੍ਰਿੰਸੀਪਲ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਨੇ ਜੋਤੀ ਜਲਾ ਕੇ ਕੀਤਾ। ਐੱਨ.ਐੱਸ.ਐੱਸ.ਦੇ ਪ੍ਰੋਗਰਾਮ ਅਫਸਰ ਡਾ.ਗੀਤਿਕਾ ਨੇ ਦੱਸਿਆ ਕਿ ਇਹ ਕੈਂਪ ‘ਸਵੱਛ ਭਾਰਤ ਸਵਸਥ ਭਾਰਤ’ ਦੇ ਬੈਨਰ ਹੇਠ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ’ਚ ਜਿੱਥੇ ਕਾਲਜ ਦੇ ਆਲੇ-ਦੁਆਲੇ ਅਤੇ ਪਿੰਡ ਦੀ ਸਫਾਈ ਕੀਤੀ ਜਾਵੇਗੀ ਉੱਥੇ ਨਾਲ ਹੀ ਨੈਤਿਕ ਕਦਰਾਂ-ਕੀਮਤਾਂ ਵਾਦ-ਵਿਵਾਦ ਅਤੇ ਸਮਾਜਕ ਬੁਰਾਈਆਂ ਨੂੰ ਖਤਮ ਕਰਨ ਲਈ ਜਾਗਰੂਕਤਾ ਰੈਲੀਆਂ ਵੀ ਕੱਢਣਗੇ। ਕੈਂਪ ਦੇ ਪਹਿਲੇ ਦਿਨ ਵੱਖ-ਵੱਖ ਕਮੇਟੀਆਂ ਬਣਾ ਕੇ ਮੁੱਖ ਮਹਿਮਾਨ ਦੁਆਰਾ ਪਿੰਨ ਸੈਰੇਮਨੀ ਕੀਤੀ ਗਈ ਅਤੇ ਇਸ ਮੌਕੇ ਪ੍ਰੋਗਰਾਮ ਅਫ਼ਸਰ ਅਤੇ ਸਾਰੇ ਵਲੰਟੀਅਰਾਂ ਨੇ ਐੱਨ.ਐੱਸ.ਐੱਸ. ਦੀ ਸਹੁੰ ਚੁੱਕੀ। ਕਾਲਜ ਦੇ ਪ੍ਰਿੰਸੀਪਲ ਡਾ.ਨੀਤੂ ਸੇਠੀ ਨੇ ਐੱਨ.ਐੱਸ.ਐੱਸ.ਦੇ ਇਤਿਹਾਸ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ। ਮੁੱਖ ਮਹਿਮਾਨ ਪ੍ਰਿੰਸੀਪਲ ਮੈਡਮ ਗੁਰਵਿੰਦਰ ਕੌਰ ਨੇ ਵਲੰਟੀਅਰਾਂ ਨੂੰ ਐੱਨ.ਐੱਸ.ਐੱਸ.ਦੀ ਮਹੱਤਤਾ ਦੱਸਦੇ ਹੋਏ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਕੈਂਪ ਦੇ ਦੂਜੇ ਦਿਨ ਡਾ.ਨਿਸ਼ੀ, ਪ੍ਰਿੰਸੀਪਲ ਲੁਧਿਆਣਾ ਗਰੁੱਪ ਆਫ ਕਾਲਜ ਤੇ ਹੈੱਡ ਮਾਸਟਰ ਮੁਹੰਮਦ ਜਮੀਲ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ। ਡਾ.ਨਿਸ਼ੀ ਨੇ ਸਵੱਚਤਾ ਅਭਿਆਨ ਤੇ ਰਿਸਰਚ ਸਟੱਡੀ ਪੇਸ਼ ਕੀਤੀ ਅਤੇ ਮੁਹੰਮਦ ਜਮੀਲ ਨੇ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਵਲੰਟੀਅਰਾਂ ਨੂੰ ਜਾਣੂੰ ਕਰਵਾਇਆ। ਕੈਂਪ ਦੇ ਦੂਜੇ ਦਿਨ ਪਿੰਡ ਸ਼ੇਰਗਡ਼੍ਹ ਚੀਮਾਂ ਦੇ ਗੁਰਦੁਆਰਾ ਸਾਹਿਬ,ਦਰਵਾਜੇ ਅਤੇ ਸਡ਼ਕਾਂ ਦੀ ਸਫਾਈ ਵੀ ਕੀਤੀ ਗਈ। ਪ੍ਰੋਗਰਾਮ ਅਫਸਰ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਮੌਜੂਦ ਸੀ।