ਕਲਾ ਦੇ ਖੇਤਰ ’ਚ ਸਰਕਾਰੀ ਕਾਲਜ ਸੁਨਾਮ ਦਾ ਨਾਂ ਰੌਸ਼ਨ ਕਰਨ ਵਾਲਾ ਹੋਣਹਾਰ ਵਿਦਿਆਰਥੀ ਕਲਾਕਾਰ ਸਤਿਗੁਰ ਸਿੰਘ

Wednesday, Jan 30, 2019 - 09:10 AM (IST)

ਕਲਾ ਦੇ ਖੇਤਰ ’ਚ ਸਰਕਾਰੀ ਕਾਲਜ ਸੁਨਾਮ ਦਾ ਨਾਂ ਰੌਸ਼ਨ ਕਰਨ ਵਾਲਾ ਹੋਣਹਾਰ ਵਿਦਿਆਰਥੀ ਕਲਾਕਾਰ ਸਤਿਗੁਰ ਸਿੰਘ
ਸੰਗਰੂਰ (ਬਾਂਸਲ) -ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀ ਕਲਾਕਾਰ ਸਤਿਗੁਰ ਸਿਘ ਨੇ ਆਪਣਾ ਨਾਂ ਕਾਲਜ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਲਿਖਾ ਦਿੱਤਾ ਹੈ। ਸੰਗਰੂਰ ਜ਼ਿਲੇ ਦੇ ਲਹਿਰਾਗਾਗਾ ਬਲਾਕ ਅਧੀਨ ਪਿੰਡ ਸ਼ਾਦੀਹਰੀ ਦੇ ਗਰੀਬ ਪਰਿਵਾਰ ’ਚ ਜੰਮਪਲ ਸਤਿਗੁਰ ਸਿੰਘ ਦਾ ਇਹ ਬਚਪਨ ਦਾ ਸੁਪਨਾ ਸੀ ਕਿ ਉਹ ਆਪਣੇ ਪਿਤਾ ਬਲਬੀਰ ਸਿੰਘ ਅਤੇ ਮਾਤਾ ਬਿੰਦਰ ਕੌਰ ਦੀ ਮਿਹਨਤ ਅਤੇ ਹੱਕ ਹਲਾਲ ਦੀ ਕਮਾਈ ’ਚੋਂ ਉਸ ਦੀ ਪਡ਼੍ਹਾਈ ਉਪਰ ਕੀਤੇ ਜਾ ਰਹੇ ਖਰਚੇ ਨੂੰ ਕਦੇ ਬੇਅਰਥ ਨਹੀਂ ਜਾਣ ਦੇਵੇਗਾ। ਸਤਿਗੁਰ ਸਿੰਘ ਨੇ ਦੱਸਿਆ ਕਿ ਕੋਮਲ ਕਲਾਵਾਂ ਦਾ ਉਸ ਦਾ ਬਚਪਨ ਦਾ ਸ਼ੌਕ ਸੀ ਪਰ ਸਹੀ ਅਗਵਾਈ ਲਈ ਯੋਗ ਗੁਰੂ ਦੀ ਤਲਾਸ਼ ਸੀ, ਉਸ ਦੀ ਪ੍ਰਾਪਤੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ’ਚ ਦਾਖਲਾ ਲੈਣ ਸਮੇਂ ਸੰਦੀਪ ਸਿੰਘ, ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਪ੍ਰਾਪਤ ਹੋਈ, ਜਨ੍ਹਿਾਂ ਤੋਂ ਸਤਿਗੁਰ ਸਿੰਘ ਨੇ ਕੋਮਲ ਕਲਾਵਾਂ ਦੀਆਂ ਬਰੀਕੀਆਂ ਬਾਰੇ ਗਿਆਨ ਹਾਸਲ ਕੀਤਾ। ਇਸ ਤੋਂ ਬਾਅਦ ਮੈਡਮ ਜਗਦੀਸ਼ ਕੌਰ, ਯੂੁਥ ਕੋਆਰਡੀਨੇਟਰ ਦੀ ਅਗਵਾਈ ’ਚ ਇਸ ਵਿਦਿਆਰਥੀ ਨੇ ਖੇਤੀ ਯੁਵਕ ਮੇਲਿਆਂ ’ਚ ਫਾਈਨ ਆਰਟ ਦੀਆਂ ਆਈਟਮਾਂ ਜਿਵੇਂ ਕਲੇਅ ਮਾਡਲਿੰਗ, ਮਿੱਟੀ ਦੇ ਖਿਡੌਣੇ, ਕੋਲਾਜ਼ ਮੇਕਿੰਗ ਅਤੇ ਇੰਸਟਾਲੇਸ਼ਨ ਮੁਕਾਬਲਿਆਂ ’ਚ ਹਿੱਸਾ ਲੈਣਾ ਸ਼ੁਰੂ ਕੀਤਾ। ਪਹਿਲੇ ਸਾਲ ਭਾਵ 2017-18 ’ਚ ਇਸ ਵਿਦਿਆਰਥੀ ਨੇ 62 ਕਾਲਜਾਂ ਦੇ ਸੰਗਰੂਰ ਜ਼ੋਨ ਖੇਤਰੀ ਯੁਵਕ ਮੇਲੇ ’ਚ ਕਲੇਅ ਮਾਡਲਿੰਗ ’ਚ ਪਹਿਲਾ ਸਥਾਨ, ਕੋਲਾਜ਼ ਮੇਕਿੰਗ ਅਤੇ ਇੰਸਟਾਲੇਸ਼ਨ ’ਚੋਂ ਦੂਜਾ ਸਥਾਨ ਹਾਸਲ ਕੀਤਾ। ਇਸੇ ਵਰ੍ਹੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ 300 ਕਾਲਜਾਂ ਦੇ ਇੰਟਰਜ਼ੋਨਲ ਖੇਤਰੀ ਯੁਵਕ ਮੇਲੇ ਵਿਚ ਵੀ ਇਸ ਵਿਦਿਆਰਥੀ ਕਲਾਕਾਰ ਨੇ ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਵਿਚ ਦੂਜਾ ਸਥਾਨ ਹਾਸਲ ਕੀਤਾ। ਸਤਿਗੁਰ ਸਿੰਘ ਨੇ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ 2017-18 ’ਚ ਨੋਰਥ ਜ਼ੋਨ ਇੰਟਰ ਯੂੁਨੀਵਰਸਿਟੀ ਯੁਵਕ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਹੋਣਹਾਰ ਵਿਦਿਆਰਥੀ ਵਲੋਂ 2017-18 ’ਚ ਆਪਣੇ ਕਦਮ ਹੋਰ ਅੱਗੇ ਵਧਾਉਂਦਿਆਂ ਰਾਸ਼ਟਰੀ ਯੂੁਥ ਫੈਸਟੀਵਲ ਮੁਕਾਬਲਿਆਂ ’ਚ ਭਾਗ ਲਿਆ ਅਤੇ ਇੰਸਟਾਲੇਸ਼ਨ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕਰ ਕੇ ਰਾਸ਼ਟਰੀ ਪੱਧਰ ਦਾ ਆਰਟਿਸਟ ਹੋਣ ਦਾ ਦਾਅਵਾ ਪੇਸ਼ ਕਰ ਦਿੱਤਾ। ਕਾਲਜ ਦੇ ਇਸ ਵਿਦਿਆਰਥੀ ਨੇ 2018-19 ’ਚ ਵੀ ਇਹ ਜੇਤੂ ਲਡ਼ੀ ਜਾਰੀ ਰੱਖੀ ਇਸ ਵਰ੍ਹੇ ਸੰਗਰੂਰ ਜ਼ੋਨ ਖੇਤਰੀ ਯੁਵਕ ਮੇਲੇ ’ਚ ਕਲੇਅ ਮਾਡਲਿੰਗ ’ਚ ਪਹਿਲਾ ਸਥਾਨ, ਕੋਲਾਜ਼ ਮੇਕਿੰਗ ’ਚ ਪਹਿਲਾ ਸਥਾਨ, ਮਿੱਟੀ ਦੇ ਖਿਡੌਣੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਵਰ੍ਹੇ ਪੰਜਾਬੀ ਯੂੁਨੀਵਰਸਿਟੀ ਪਟਿਆਲਾ ’ਚ ਹੋਏ ਇੰਟਰਜ਼ੋਨਲ ਖੇਤਰੀ ਯੁਵਕ ਮੇਲੇ ’ਚ ਵੀ ਇਸ ਵਿਦਿਆਰਥੀ ਕਲਾਕਾਰ ਨੇ ਕਲੇਅ ਮਾਡਲਿੰਗ ’ਚ ਦੂਜਾ ਸਥਾਨ ਹਾਸਲ ਕੀਤਾ। ਸਤਿਗੁਰ ਸਿੰਘ ਨੇ ਇਸ ਵਰ੍ਹੇ ਨੋਰਥ ਜ਼ੋਨ ਇੰਟਰ ਯੂਨੀਵਰਸਿਟੀ ਯੁਵਕ ਮੇਲੇ ’ਚ ਕਲੇਅ ਮਾਡਲਿੰਗ ਮੁਕਾਬਲਿਆਂ ’ਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਖੇਤਰ ’ਚ ਪੰਜ ਰਾਜਾਂ ਦਾ ਮੋਹਰੀ ਬਣ ਗਿਆ। ਇਹ ਵਿਦਿਆਰਥੀ 2 ਫਰਵਰੀ ਤੋਂ ਇਸ ਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਣ ਜਾ ਰਿਹਾ ਹੈ, ਸਾਨੂੰ ਆਸ ਹੈ ਕਿ ਇਹ ਹੋਣਹਾਰ ਕਲਾਕਾਰ ਅੱਗੇ ਵੀ ਸਫਲਤਾ ਦੀਆਂ ਲੰਬੀਆਂ ਪੁਲਾਂਘਾਂ ਪੁੱਟ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦਾ ਨਾਂ ਰੌਸ਼ਨ ਕਰਦਾ ਰਹੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਇਨ੍ਹਾਂ ਪ੍ਰਾਪਤੀਆਂ ਬਾਰੇ ਦੱਸਿਆ। ਵਿਦਿਆਰਥੀ ਸਤਿਗੁਰ ਸਿੰਘ ਦੀਆਂ ਪ੍ਰਾਪਤੀਆਂ ਕਾਰਨ ਪ੍ਰੋ. ਪਰਮਿੰਦਰ ਸਿੰਘ, ਵਾਈਸ ਪ੍ਰਿੰਸੀਪਲ, ਮੈਡਮ ਰਾਜਵੀਰ ਕੌਰ, ਯੂਥ ਕੋਆਰਡੀਨੇਟਰ ਅਤੇ ਕਾਲਜ ਕੌਂਸਲ ਵਲੋਂ ਕੀਤੀ ਸਿਫਾਰਿਸ਼ ਤੇ ਪ੍ਰਿੰਸਾਪਲ ਨੇ ਇਸ ਹੋਣਹਾਰ ਵਿਦਿਆਰਥੀ ਨੂੰ ਕਾਲਜ ਫੰਡ ’ਚੋਂ ਹੌਸਲਾ ਅਫਜ਼ਾਈ ਲਈ 10,000 ਰੁ. ਦੀ ਰਾਸ਼ੀ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ।

Related News