ਕੱਚੇ ਘਰਾਂ ਦੇ ਪੈਸਿਆਂ ਨੂੰ ਲੈ ਕੇ ਕਮੇਟੀ ਦਫ਼ਤਰ ਅੱਗੇ ਨਾਅਰੇਬਾਜ਼ੀ

01/23/2019 9:47:23 AM

ਸੰਗਰੂਰ (ਬੇਦੀ, ਯਾਦਵਿੰਦਰ)-ਕੱਚੇ ਘਰਾਂ ਦੇ ਪੈਸੇ ਨਾ ਆਉਣ ਕਾਰਨ ਲੋਕਾਂ ਨੇ ਅੱਜ ਨਗਰ ਕੌਂਸਲ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 2016 ਵਿਚ ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਵੱਲੋਂ ਜਿਨ੍ਹਾਂ ਦੇ ਘਰ ਖਸਤਾ ਹਾਲਤ ਵਿਚ ਸਨ ਜਾਂ ਜਿਨ੍ਹਾਂ ਕੋਲ ਜ਼ਮੀਨ ਸੀ ਤੇ ਕੁੱਝ ਘਰਾਂ ’ਚ ਟੁਆਇਲਟ ਤੇ ਰੋਸਈ ਨਹੀਂ ਸੀ, ਉਨ੍ਹਾਂ ਦੇ ਫਾਰਮ ਲਏ ਗਏ ਸਨ। ਉਨ੍ਹਾਂ ਫਾਰਮਾਂ ’ਚੋਂ ਸਿਰਫ 60 ਘਰਾਂ ਨੂੰ ਹੀ ਸਕੀਮ ਦਾ ਲਾਭ ਲੈਣ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਣਗਿਣਤ ਵਾਰ ਕਮੇਟੀ ਦਫ਼ਤਰ ਅਤੇ ਪੁੱਡਾ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ 60 ਲੋਕਾਂ ਨੂੰ ਯੋਗ ਪਾਇਆ ਗਿਆ। ਦਫ਼ਤਰ ਨਗਰ ਕੌਂਸਲ ਵਿਖੇ 29-10-18 ਨੂੰ ਜੇ.ਈ. ਦੀ ਅਗਵਾਈ ਹੇਠ ਮੀਟਿੰਗ ਹੋਈ ਤੇ ਹਦਾਇਤ ਕੀਤੀ ਗਈ ਕਿ ਡੀ.ਪੀ.ਸੀ. ਲੈਵਲ ਤਕ ਪੂਰਾ ਹੋਣ ’ਤੇ ਤੁਹਾਨੂੰ 50,000 ਰੁਪਏ, ਛੱਤ ਤੱਕ ਪਹੁੰਚਣ ’ਤੇ ਅਗਲੀ ਕਿਸ਼ਤ 50,000 ਅਤੇ ਕੰਪਲੀਟ ਕਰਨ ਲਈ ਤੁਹਾਨੂੰ ਅਗਲੀ ਕਿਸ਼ਤ 50,000 ਰੁਪਏ ਦੀ ਦਿੱਤੀ ਜਾਵੇਗੀ। ਪ੍ਰਦਸ਼ਨਕਾਰੀਆਂ ਦੱਸਿਆ ਕਿ ਅਧਿਕਾਰੀਆਂ ਤੇ ਸਵੱਛ ਭਾਰਤ ਵਾਲੀ ਮੈਡਮ ਨੇ ਕਿਹਾ ਕਿ ਖਸਤਾ ਹਾਲਤ ਮਕਾਨ ਹਨ। ਪਹਿਲਾਂ ਉਨ੍ਹਾਂ ਨੂੰ ਢਾਹ ਕੇ ਅਤੇ ਨਵੀਂ ਉਸਾਰੀ ਕਰ ਕੇ ਹੀ ਤੁਹਾਨੂੰ ਇਹ ਪੈਸੇ ਦਿੱਤੇ ਜਾਣਗੇ। ਅੱਜ 3 ਮਹੀਨੇ ਬੀਤਣ ’ਤੇ ਵੀ ਇਨ੍ਹਾਂ ਗਰੀਬ ਪਰਿਵਾਰ ਨੂੰ ਕੁਝ ਨਹੀਂ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅਸੀਂ 3 ਮਹੀਨੇ ਤੋਂ ਵਧੇਰੇ ਸਮੇਂ ਦੇ ਕਿਰਾਏ ਦੇ ਮਕਾਨਾਂ ’ਚ ਬੈਠੇ ਹਾਂ ਅਤੇ ਨੀਹਾਂ ਭਰਨ ਲਈ ਪੈਸੇ ਵਿਆਜ ’ਤੇ ਲਏ ਹੋਏ ਹਨ ਤੇ ਜੋ ਸਰਕਾਰ ਪੈਸੇ ਦੇਵੇਗੀ, ਉਹ ਵੀ ਮਕਾਨ ਦੇ ਕਿਰਾਏ ਅਤੇ ਵਿਆਜ ’ਚ ਚਲਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਵੱਛ ਭਾਰਤ ਵਾਲੀ ਮੈਡਮ ਗਰੀਬ ਲੋਕਾਂ ਦੇ ਮੰਜੇ ਬਿਸਤਰੇ ਪੈਣ ਸੌਣ ਲਈ ਹਨ, ਉਹ ਵੀ ਵੇਚਣ ਦੀ ਸਲਾਹ ਦਿੰਦੀ ਹੈ, ਕਹਿੰਦੀ ਹੈ ਕਿ ਤੁਹਾਡੇ ਕੋਲ ਸਾਮਾਨ ਜ਼ਿਆਦਾ ਹੈ। ਹੁਣ ਕਮੇਟੀ ਦਫ਼ਤਰ ਵਾਲੇ ਇੰਪਰੂਵਡ ਅਤੇ ਪਰੂਵਡ ਘਰ ਦੇਖਦੇ ਨੇ ਜੋ ਫਾਰਮ ਇਨ੍ਹਾਂ ਲੋਕਾਂ ਕੋਲੋਂ ਲਏ ਗਏ ਸਨ, ਉੱਥੇ ਕਿਤੇ ਵੀ ਇਹ ਸ਼ਰਤ ਨਹੀਂ ਲਿਖੀ ਗਈ। ਪ੍ਰਦਰਸ਼ਨਕਾਰੀਆਂ ਨੇ ਬਿਕਰਮਜੀਤ ਸਿੰਘ ਸ਼ੇਰਗਿੱਲ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ, ਉਨ੍ਹਾਂ ਨੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤੇ ਲੋਕਾਂ ਨੂੰ ਪੈਸੇ ਜਲਦੀ ਦਿਵਾਉਣ ਦਾ ਭਰੋਸਾ ਦਿੱਤਾ।

Related News