‘ਆਪ’ ਕਾਂਗਰਸ ਦੀ ਬੀ ਟੀਮ : ਦਿਓਲ

Monday, Jan 21, 2019 - 09:56 AM (IST)

ਸੰਗਰੂਰ (ਬੇਦੀ, ਹਰਜਿੰਦਰ)-ਕੇਜਰੀਵਾਲ ਨੇ ਕੋਲਕੱਤਾ ਵਿਖੇ ਮਹਾ ਗਠਬੰਧਨ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਆਪ’ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਰਣਦੀਪ ਸਿੰਘ ਦਿਓਲ ਨੇ ਗੱਲਬਾਤ ਕਰਦਿਆਂ ਕੀਤਾ। ਦਿਓਲ ਨੇ ਕਿਹਾ ਕਿ ਕੇਜਰੀਵਾਲ ਦੇ ਕਾਂਗਰਸ ਨਾਲ ਹੱਥ ਮਿਲਾਉਣ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਦੀ ਪੋਲ ਖੁੱਲ੍ਹ ਗਈ ਹੈ। ਇਕ ਪਾਸੇ ਤਾਂ ‘ਆਪ’ ਵੱਲੋਂ ਵੱਖਰੀ ਕਿਸਮ ਦੀ ਰਾਜਨੀਤੀ ਕਰਨ ਦੀ ਦੋਹਾਈ ਦੇ ਕੇ ਪੰਜਾਬ ਦੇ ਲੋਕਾਂ ਨੂੰ ਲੰਮੇ ਸਮੇਂ ਤੋਂ ਮੂਰਖ ਬਣਾਇਆ ਜਾ ਰਿਹਾ ਹੈ ਤੇ ਇਕ ਪਾਸੇ ਦੇਸ਼ ਨੂੰ ਲੁੱਟਣ ਵਾਲੇ ਗਾਂਧੀ ਪਰਿਵਾਰ ਨਾਲ ਸਾਂਠ-ਗਾਂਠ ਕਰ ਲਈ ਹੈ, ਜਿਸ ਪਾਰਟੀ ਦੇ ਲੋਕਾਂ ਦੇ ਨਾਂ ਲੰਮੇ ਸਮੇਂ ਤੋਂ 1984 ਕਤਲੇਆਮ ’ਚ ਸ਼ਾਮਲ ਹਨ, ਨਾਲ ਗਠਬੰਧਨ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਹੁਣ ‘ਆਪ’ ਦਾ ਅਸਲੀ ਚਿਹਰਾ ਸਾਹਮਣੇ ਆਉਣ ਨਾਲ ਇਹ ਵੀ ਸਾਬਤ ਹੋ ਚੁੱਕਾ ਹੈ ਕਿ 2017 ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਯਕੀਨੀ ਕਰਨ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕੀਤਾ ਸੀ ਤੇ ਹੁਣ ਵੀ ਇਸੇ ਉਦੇਸ਼ ਨੂੰ ਲੈ ਕੇ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਸਾਜ਼ਿਸ਼ ਰਚ ਰਹੀਆਂ ਹਨ ਪਰ ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਕਦੇ ਵੀ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਯੁਵਾ ਮੋਰਚਾ ਨਵਦੀਪ ਸਿੰਘ, ਜ਼ਿਲਾ ਸਕੱਤਰ ਅਵੀ ਗੋਡ, ਰਾਜਵੀਰ ਸਿੰਘ, ਬੱਗਾ ਸਿੰਘ, ਮਨਪ੍ਰੀਤ ਸਿੰਘ ਵੀ ਮੌਜੂਦ ਸਨ।

Related News