ਅਗਰਵਾਲ ਸਭਾ ਵੱਲੋਂ ਦੀਵਾਨ ਟੋਡਰ ਮੱਲ ਦੀ ਯਾਦ ’ਚ ਲਾਇਆ ਗਿਆ ਖੂਨਦਾਨ ਕੈਂਪ

Monday, Jan 21, 2019 - 09:52 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਅਗਰਵਾਲ ਸਭਾ ਵੱਲੋਂ ਅੱਜ ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਦੇ ਨੇਡ਼ੇ ਬਣੇ ਆਸ਼ਰਮ/ਧਰਮਸ਼ਾਲਾ ਵਿਖੇ ਦੀਵਾਨ ਟੋਡਰ ਮੱਲ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਅਜਿਹੀ ਮਹਾਨ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਮੁਗਲਾਂ ਨੂੰ ਆਪਣੀ ਧਨ ਰਾਸ਼ੀ ਦੇ ਕੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜਗ੍ਹਾਂ ਮੁੱਲ ਲਈ ਅਤੇ ਉਨ੍ਹਾਂ ਦਾ ਸਸਕਾਰ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਖੂਨਦਾਨ ਕੈਂਪ ਲਗਾ ਕੇ ਇਕੱਤਰ ਕੀਤੇ ਗਏ ਖੂਨ ਦੇ ਉਪਯੋਗ ਨਾਲ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੇ ਲੋਕਾਂ ਵਿਚ ਖੂਨਦਾਨ ਕਰਨ ਲਈ ਉਤਸ਼ਾਹ ਅਤੇ ਚੰਗੀ ਭਾਵਨਾ ਪੈਦਾ ਹੋ ਰਹੀ ਹੈ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਸਾਨੂੰ ਅਜਿਹੇ ਕਾਰਜਾਂ ਵਿਚ ਮੋਹਰੀ ਰੋਲ ਨਿਭਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਅਸੀਂ ਪਰਿਵਾਰ ਅਤੇ ਸਮਾਜ ਨੂੰ ਚੰਗੀ ਸਿਹਤ ਦੇ ਸਕੀਏ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖੂਨਦਾਨ ਕਰ ਕੇ ਕਿਸੇ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਭਗਤ ਮੋਹਨ ਲਾਲ ਸੇਵਾ ਸਮੰਤੀ ਬਰਨਾਲਾ ਵੱਲੋਂ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦੇ ਵਾਰਸਾਂ ਅਤੇ ਜ਼ਰੂਰਤਮੰਦ ਲਈ ਬਹੁਤ ਹੀ ਘੱਟ ਰੇਟਾਂ ’ਤੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਸਮੇਂ ਅਗਰਵਾਲ ਸਭਾ ਦੇ ਜ਼ਿਲਾ ਪ੍ਰਧਾਨ ਪਿਆਰਾ ਰਾਏ ਸਰੀਆ ਅਤੇ ਸ਼ਹਿਰ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਦੇ ਦਿਨ ਅਗਰਵਾਲ ਸਭਾ ਵੱਲੋਂ ਪੂਰੇ ਪੰਜਾਬ ਭਰ ਵਿਚ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਸਮੇਂ ਡਿਪਟੀ ਕਮਿਸ਼ਨਰ ਦੇ ਬੇਟੇ ਸ੍ਰੀ ਲਲਿਤ ਕੁਮਾਰ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ, ਸੈਕਟਰੀ ਰੈੱਡ ਕਰਾਸ ਵਿਜੈ ਕੁਮਾਰ, ਐਡਵੋਕੇਟ ਰਾਹੁਲ ਗੁਪਤਾ, ਭਾਰਤ ਮੋਦੀ, ਪ੍ਰਦੀਪ ਅਗਰਵਾਲ, ਰਾਜ ਕੁਮਾਰ ਜਿੰਦਲ, ਰਾਮਪਾਲ ਅਤੇ ਠੇਕੇਦਾਰ ਬੀਰਬਲ ਦਾਸ ਮੌਜੂਦ ਸਨ।

Related News