ਚੰਗਾਲੀਵਾਲਾ ਕਾਂਡ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ DC ਤੇ SSP ਨੂੰ ਮਿਲਿਆ, ਕੀਤੀ ਜਾਂਚ ਦੀ ਮੰਗ

Monday, Nov 18, 2019 - 03:23 PM (IST)

ਚੰਗਾਲੀਵਾਲਾ ਕਾਂਡ : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ DC ਤੇ SSP ਨੂੰ ਮਿਲਿਆ, ਕੀਤੀ ਜਾਂਚ ਦੀ ਮੰਗ

ਸੰਗਰੂਰ(ਬੇਦੀ) : ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿਵਾਉਣ ਅਤੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਸਾਬਕਾ ਵਿੱਤ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਤੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆਂ।

PunjabKesari

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਗੂਆਂ ਨੇ ਦੱਸਿਆ ਕਿ ਚੰਗਾਲੀਵਾਲਾ 'ਚ ਜਗਮੇਲ ਸਿੰਘ ਨਾਲ ਵਾਪਰੀ ਘਟਨਾ ਤੋਂ ਬਾਅਦ ਪੰਜਾਬ 'ਚ ਕਾਨੂੰਨੀ ਵਿਵਸਥਾ ਦੀ ਡਾਂਵਾ ਡੋਲ ਸਥਿਤੀ ਦਾ ਸਾਫ਼ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਲੋਕਾਂ ਅੰਦਰ ਸੋਗ ਅਤੇ ਰੋਸ਼ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੇ ਧਿਆਨ 'ਚ ਹੋਣ ਤੋਂ ਬਾਅਦ ਵੀ ਇੰਨਾ ਵੱਡਾ ਹਾਦਸਾ ਵਾਪਰਨਾ ਬਹੁਤ ਮੰਦਭਾਗਾ ਹੈ ਜੇਕਰ ਪੁਲਸ ਨੇ ਸਮੇਂ ਸਿਰ ਰਹਿੰਦੇ ਮੌਕਾ ਸਾਂਭਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਡਾਕਟਰਾਂ ਵੱਲੋਂ ਬਹੁਤ ਅਣਗਹਿਲੀ ਵਰਤੀ ਗਈ। ਜਗਮੇਲ ਦੀ ਗੰਭੀਰ ਹਾਲਤ ਦੇਖਦੇ ਹੋਏ ਵੀ ਡਾਕਟਰਾਂ ਨੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜੋ ਅਜਿਹੇ ਹਾਲਾਤ ਵਿਚ ਮੌਕੇ ਸਿਰ ਹੋਣੇ ਚਾਹੀਦੇ ਸਨ।

ਆਗੂਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਰਵਾਈ ਕੀਤੀ ਜਾਵੇ ਅਤੇ ਪੀੜਤ ਦੇ ਪਰਿਵਾਰ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਤਿਗੁਰ ਸਿੰਘ ਨਮੋਲ, ਪ੍ਰਿਤਪਾਲ ਸਿੰਘ ਹਾਂਡਾ, ਰਜਿੰਦਰ ਸਿੰਘ ਕਾਂਝਲਾ, ਗੁਲਜਾਰੀ ਮੂਣਕ, ਤੇਜਾ ਸਿੰਘ ਕਮਾਲਪੁਰ, ਮਹੀਪਾਲ ਭੂਲਣ ਆਦਿ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੇ ਬਹੁਤ ਸਾਰੇ ਆਗੂ ਤੇ ਵਰਕਰ ਮੌਜ਼ੂਦ ਸਨ।


author

cherry

Content Editor

Related News