ਪਰਾਲੀ ਸਾੜਨ ਵਾਲੇ ਕਿਸਾਨਾਂ ''ਤੇ ਸਰਕਾਰ ਦੀ ਸਖਤੀ, 350 ਲੋਕਾਂ ਦੇ ਕੱਟੇ ਚਲਾਨ
Monday, Nov 04, 2019 - 04:00 PM (IST)

ਸੰਗਰੂਰ (ਰਾਜੇਸ਼ ਕੋਹਲੀ) : ਵਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ 'ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੰਗਰੂਰ ਵਿਚ ਹੁਣ ਤੱਕ ਪਰਾਲੀ ਸਾੜਨ ਵਾਲੇ 350 ਦੇ ਕਰੀਬ ਕਿਸਾਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।
ਸੰਗਰੂਰ ਦੇ ਖੇਤੀਬਾੜੀ ਵਿਭਾਗ ਦੇ ਅਫਸਰ ਜਸਵਿੰਦਰ ਪਾਲ ਸਿੰਘ ਗ੍ਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਕਈ ਅਜਿਹੇ ਕਿਸਾਨ ਹਨ ਜੋ ਪਰਾਲੀ ਨੂੰ ਅੱਗ ਲਗਾ ਕੇ ਹਵਾ ਪ੍ਰਦੂਸ਼ਣ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਚ 1 ਨਵੰਬਰ ਤੱਕ 2500 ਦੇ ਕਰੀਬ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਸਨ, ਜਿਸ 'ਤੇ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 350 ਦੇ ਕਰੀਬ ਕਿਸਾਨਾਂ ਦੇ ਚਲਾਨ ਕੱਟ ਕੇ 8 ਲੱਖ 82 ਹਜ਼ਾਰ ਦੇ ਕਰੀਬ ਜ਼ੁਰਮਾਨੇ ਕੀਤੇ ਗਏ ਹਨ, ਜਦੋਂਕਿ ਬਿਨਾਂ ਸੁਪਰ ਐੱਸ.ਐੱਮ.ਐੱਸ. ਸਿਸਟਮ ਲੱਗੇ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਨੂੰ 2-2 ਲੱਖ ਦੇ ਜ਼ੁਰਮਾਨੇ ਕੀਤੇ ਗਏ ਹਨ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਮਾਨਯੋਗ ਡੀ.ਸੀ. ਘਣਸ਼ਿਆਮ ਥੋਲੀ ਵੱਲੋਂ ਵੀ.ਆਈ.ਪੀ. ਕਾਰਡ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਵਧੀਆ ਉਪਰਾਲਾ ਹੈ।