ਕੇਵਲ ਸਿੰਘ ਢਿੱਲੋਂ ਦੇਣਗੇ ਮਾਨ, ਜਸਰਾਜ ਅਤੇ ਢੀਂਡਸਾ ਨੂੰ ਟੱਕਰ (ਵੀਡੀਓ)
Friday, Apr 12, 2019 - 10:02 AM (IST)
ਸੰਗਰੂਰ (ਰਾਜੇਸ਼) : ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੇ ਜਾਣ 'ਤੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਖੁਸ਼ੀ 'ਚ ਵਰਕਰਾਂ ਨੇ ਢੋਲ 'ਤੇ ਭੰਗੜੇ ਪਾਏ ਤੇ ਮਿਠਾਈਆਂ ਵੀ ਵੰਡੀਆਂ। ਇਸ ਮੌਕੇ ਵਰਕਰਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ।
ਦੱਸ ਦੇਈਏ ਕਿ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਮੀਟਿੰਗ ਵਿਚ ਪੰਜਾਬ ਦੀਆਂ ਬਾਕੀ ਬਚੀਆਂ ਲੋਕ ਸਭਾ ਹਲਕੇ ਦੀਆਂ ਸੀਟਾਂ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਕਾਂਗਰਸ ਵਲੋਂ ਇਸ ਬੈਠਕ ਦੌਰਾਨ ਸੰਗਰੂਰ ਲੋਕ ਸਭਾ ਹਲਕਾ ਤੋਂ ਕੇਵਲ ਸਿੰਘ ਢਿੱਲੋਂ ਦਾ ਨਾਂਅ ਐਲਾਨਿਆ ਗਿਆ। ਦੱਸਣਯੋਗ ਹੈ ਕਿ ਸੰਗਰੂਰ ਸੀਟ ਤੋਂ 'ਆਪ' ਤੋਂ ਭਗਵੰਤ ਮਾਨ, ਅਕਾਲੀ ਦਲ ਟਕਸਾਲੀ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਸ਼੍ਰੋੋਮਣੀ ਅਕਾਲੀ ਦਲ ਤੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੋਂ ਜੱਸੀ ਜਸਰਾਜ ਚੋਣ ਮੈਦਾਨ ਵਿਚ ਹਨ।