ਸੰਗਰੂਰ ਦੀ ਹਰਲੀਨ ਕੌਰ ਨੇ ਪੰਜਾਬ ਭਰ ''ਚੋਂ ਹਾਸਲ ਕੀਤਾ ਦੂਜਾ ਸਥਾਨ
Wednesday, May 08, 2019 - 04:15 PM (IST)

ਸੰਗਰੂਰ (ਕੋਹਲੀ)—ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਆਏ ਨਤੀਜਿਆਂ 'ਚ ਇਸ ਵਾਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਸੰਗਰੂਰ ਦੇ ਰੋਬਿਨ ਸਕੂਲ ਦੀ ਹਰਲੀਨ ਕੌਰ ਨੇ 99.23 ਫੀਸਦੀ ਅੰਕ ਲੈ ਕੇ ਪੰਜਾਬ ਭਰ 'ਚੋ ਦੂਜਾ ਸਥਾਨ ਹਾਸਲ ਕੀਤਾ ਹੈ। ਹਰਲੀਨ ਦਾ ਕਹਿਣਾ ਹੈ ਕਿ ਉਹ ਵੱਡੀ ਹੋ ਕੇ ਆਈ.ਪੀ.ਐੱਸ. ਬਣਨਾ ਚਾਹੁੰਦੀ ਹੈ, ਕਿਉਂਕਿ ਇਹ ਉਸ ਦੇ ਮਾਤਾ-ਪਿਤਾ ਦਾ ਸੁਪਨਾ ਹੈ ਅਤੇ ਉਹ ਉਸ ਨੂੰ ਹਰ ਕੀਮਤ 'ਤੇ ਪੂਰਾ ਕਰਨਾ ਚਾਹੁੰਦੀ ਹੈ।
ਹਰਲੀਨ ਦੇ ਪੰਜਾਬ ਭਰ 'ਚ ਦੂਜਾ ਸਥਾਨ ਹਾਸਲ ਕਰਨ ਦੇ ਬਾਅਦ ਸਕੂਲ ਅਤੇ ਹਰਲੀਨ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਹਰਲੀਨ ਦਾ ਕਹਿਣਾ ਹੈ ਕਿ ਉਹ ਖੂਬ ਮਿਹਨਤ ਕਰਦੀ ਸੀ ਅਤੇ ਸੋਸ਼ਲ ਮੀਡੀਆ ਤੋਂ ਹਟ ਕੇ ਪੜ੍ਹਾਈ 'ਤੇ ਸਾਰਾ ਧਿਆਨ ਦਿੰਦੀ ਸੀ। ਉਸ ਦੇ ਮਾਤਾ-ਪਿਤਾ ਪੜ੍ਹਾਈ 'ਚ ਹਮੇਸ਼ਾ ਉਸ ਦੀ ਮਦਦ ਕਰਦੇ ਸਨ। ਜਾਣਕਾਰੀ ਮੁਤਾਬਕ ਉਸ ਦੇ ਪਿਤਾ ਜੋ ਕਿ ਇਕ ਪ੍ਰਾਈਵੇਟ ਕਰਮਚਾਰੀ ਹਨ ਅਤੇ ਮਾਤਾ ਸਰਕਾਰੀ ਅਧਿਆਪਕ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਮਧੁ ਸ਼ਰਮਾ ਨੇ ਕਿਹਾ ਕਿ ਸਕੂਲ ਦੇ ਸਟਾਫ ਦੀ ਸਖਤ ਮਿਹਨਤ ਦਾ ਨਤੀਜਾ ਹੈ। ਸਕੂਲ ਦੇ ਕਈ ਬੱਚੇ ਮੈਰਿਟ ਵੀ ਆਏ ਅਤੇ ਹਰਲੀਨ ਕੌਰ ਬੋਰਡ ਦੇ ਨਤੀਜਿਆਂ 'ਚ ਦੂਜੇ ਸਥਾਨ 'ਤੇ ਰਹੀ ਹੈ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੁਝ ਨਹੀਂ ਹੋ ਸਕਦੀ। ਹਰਲੀਨ ਨੇ ਪੰਜਾਬ ਭਰ 'ਚ ਸੰਗਰੂਰ ਦਾ ਨਾਂ ਰੋਸ਼ਨ ਕੀਤਾ ਹੈ।