ਧੂਰੀ ਦੇ ਕਿਸਾਨ ਦੀ ਝੋਲੀ ਪਿਆ ''ਅਚੀਵਰ ਅਵਾਰਡ'', ਚੰਨੀ ਨੇ ਕੀਤਾ ਸਨਮਾਨਤ
Saturday, Nov 23, 2019 - 11:03 AM (IST)
ਧੂਰੀ/ਸੰਗਰੂਰ (ਬੇਦੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮਾਂ ਦੀ ਲੜੀ 'ਚ ਲੰਘੇ ਦਿਨੀਂ ਕਪੂਰਥਲਾ ਵਿਖੇ ਆਯੋਜਤ ਕੀਤੇ ਗਏ ਇਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਬ-ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਢ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਨੂੰ ਅਚੀਵਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਹਰਵਿੰਦਰ ਸਿੰਘ ਨੂੰ ਬੀਜ ਉਤਪਾਦਨ ਦੇ ਨਾਲ-ਨਾਲ ਅਗਾਂਹਵਧੂ ਅਤੇ ਵਾਤਾਵਰਣ ਪ੍ਰੇਮੀ ਕਿਸਾਨ ਹੋਣ ਸਦਕਾ ਇਹ ਮਾਣਮੱਤਾ ਸਨਮਾਨ ਹਾਸਲ ਹੋਇਆ ਹੈ।
ਹਰਵਿੰਦਰ ਸਿੰਘ ਵੱਲੋਂ ਆਪਣੀਆਂ ਖਾਣ-ਪੀਣ ਦੀਆਂ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰੇਲੂ ਬਗੀਚੀ ਵੀ ਸਥਾਪਤ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰਵਿੰਦਰ ਸਿੰਘ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਰੋਟਾਵੇਟਰ ਅਤੇ ਜ਼ੀਰੋ ਡਰਿੱਲ ਨਾਲ ਬੀਜਾਈ ਕਰ ਕੇ ਵਾਤਾਵਰਣ ਸੰਭਾਲ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਸ ਵੱਲੋਂ ਦੂਜੇ ਕਿਸਾਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਪੰਜਾਬ ਦੇ ਅਧਿਕਾਰੀਆਂ ਅਤੇ ਕੇ. ਵੀ. ਕੇ. ਖੇੜੀ ਦੇ ਐਸੋਸੀਏਟ ਡਾਇਰੈਕਟਰ ਡਾ. ਮਨਦੀਪ ਸਿੰਘ ਤੋਂ ਸਮੇਂ-ਸਮੇਂ 'ਤੇ ਸੇਧ ਲੈਣ ਵਾਲਾ ਹਰਵਿੰਦਰ ਸਿੰਘ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਕਲੱਬ ਲੁਧਿਆਣਾ ਅਤੇ ਨੌਜਵਾਨ ਕਿਸਾਨ ਗਰੁੱਪ ਦਾ ਮੈਂਬਰ ਵੀ ਹੈ।