ਵਾਅਦੇ ਉਪਰੰਤ ਦੂਜੀ ਕੈਬਨਿਟ ਮੀਟਿੰਗ ''ਚ ਵੀ ਵਿਸਾਰੇ ਬੇਰੋਜ਼ਗਾਰ ਅਧਿਆਪਕ

12/05/2019 9:55:35 AM

ਸੰਗਰੂਰ (ਬੇਦੀ) : 24 ਨਵੰਬਰ ਨੂੰ ਬੇਰੋਜ਼ਗਾਰ ਅਧਿਆਪਕਾਂ ਨਾਲ ਮੰਗਾਂ ਦੇ ਹੱਲ ਸਬੰਧੀ ਹੋਏ ਵਾਅਦੇ ਉਪਰੰਤ ਪੰਜਾਬ ਕੈਬਨਿਟ ਦੀ ਦੂਜੀ ਮੀਟਿੰਗ 'ਚ ਵੀ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ 'ਤੇ ਵਿਚਾਰ ਨਾ ਹੋਣ 'ਤੇ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਗੁੱਸੇ ਦਾ ਪ੍ਰਗਟਾਵਾ ਲਾਲ-ਬੱਤੀ ਚੌਕ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਫੂਕਦਿਆਂ ਕੀਤਾ।

ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਬੇਰੋਜ਼ਗਾਰ ਅਧਿਆਪਕਾਂ ਦੀਆਂ ਨਜ਼ਰਾਂ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ 'ਤੇ ਟਿਕੀਆਂ ਹੋਈਆਂ ਸਨ ਅਤੇ ਆਸ ਵੀ ਸੀ ਕਿ ਵਾਅਦੇ ਮੁਤਾਬਕ ਈ. ਟੀ. ਟੀ. ਉਮੀਦਵਾਰਾਂ ਲਈ ਲਾਜ਼ਮੀ ਕੀਤੀ ਗਈ ਗ੍ਰੈਜੂਏਸ਼ਨ ਅਤੇ ਬੀ. ਐੱਡ ਉਮੀਦਵਾਰਾਂ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਵਾਲੀ ਸ਼ਰਤ ਵਾਪਸ ਲੈ ਲਈ ਜਾਵੇਗੀ ਅਤੇ ਈ.ਟੀ.ਟੀ./ਬੀ. ਐੱਡ ਦੀ ਨਵੀਂ ਭਰਤੀ ਬਾਰੇ ਵਿਚਾਰ ਹੋਵੇਗਾ। ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਬੀ.ਐੱਡ ਯੂਨੀਅਨ ਦੇ ਸੂਬਾਈ ਆਗੂ ਬਲਕਾਰ ਮੰਘਾਣੀਆਂ ਅਤੇ ਈ. ਟੀ. ਟੀ. ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ ਨੇ ਕਿਹਾ ਕਿ 24 ਨਵੰਬਰ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਪ੍ਰਦਰਸ਼ਨ ਦੌਰਾਨ ਮੌਕੇ 'ਤੇ ਮੌਜੂਦ ਡਿਊਟੀ ਮੈਜਿਸਟਰੇਟ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਡੀ. ਸੀ. ਸੰਗਰੂਰ ਦੇ ਹਵਾਲਿਆਂ ਨਾਲ ਇਹ ਵਿਸ਼ਵਾਸ ਦਿਵਾਉਂਦਿਆਂ ਧਰਨਾ ਚੁਕਵਾਇਆ ਸੀ ਕਿ ਆਗਾਮੀ ਕੈਬਨਿਟ ਮੀਟਿੰਗ 'ਚ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਇਹੀ ਨਹੀਂ 23 ਨਵੰਬਰ ਨੂੰ ਡੀ. ਪੀ. ਆਈ. ਇੰਦਰਜੀਤ ਸਿੰਘ ਅਤੇ ਸੁਖਜੀਤਪਾਲ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਵੀ ਬੇਰੋਜ਼ਗਾਰ ਅਧਿਆਪਕਾਂ ਨੂੰ ਅਧਿਆਪਕ ਭਰਤੀ ਦੀਆਂ ਇਤਰਾਜ਼ ਵਾਲੀਆਂ ਸ਼ਰਤਾਂ ਵਾਪਸ ਲੈਣ ਦਾ ਵਿਸ਼ਵਾਸ ਦਿੱਤਾ ਗਿਆ ਸੀ।

ਲਗਾਤਾਰ ਦੂਜੀ ਕੈਬਨਿਟ ਮੀਟਿੰਗ 'ਚ ਅਣਗੌਲੇ ਹੋਣ 'ਤੇ ਬੇਰੋਜ਼ਗਾਰ ਅਧਿਆਪਕਾਂ ਨੇ ਮੁੜ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 15 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਢਾਈ ਮਹੀਨਿਆਂ ਤੋਂ ਟੈੱਟ ਪਾਸ ਬੇਰੋਜ਼ਗਾਰ ਈ. ਟੀ. ਟੀ. ਅਤੇ ਬੀ. ਐੱਡ ਅਧਿਆਪਕਾਂ ਨੇ ਸੰਗਰੂਰ ਵਿਖੇ ਪੱਕੇ ਮੋਰਚੇ ਲਾਏ ਹੋਏ ਹਨ ਅਤੇ ਕਈ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਲਾਠੀਚਾਰਜ ਦਾ ਸੇਕ ਝੱਲ ਚੁੱਕੇ ਹਨ।

ਭਰਾਤਰੀ ਜਥੇਬੰਦੀਆਂ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕੁਲਦੀਪ ਸਿੰਘ, ਮੇਘਰਾਜ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਵਿਮਲਾ ਕੌਰ, ਪੰਜਾਬ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ ਨੇ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਅਧਿਆਪਕਾਂ ਨਾਲ ਕੀਤੇ ਜਾ ਰਹੇ ਤਾਨਾਸ਼ਾਹੀ ਰਵੱਈਏ ਦੀ ਨਿਖ਼ੇਧੀ ਕੀਤੀ। ਪੰਚਾਇਤੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਨਿਖੇਧੀ ਕੀਤੀ ਗਈ ਅਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੇਰੋਜ਼ਗਾਰ ਅਧਿਆਪਕ ਆਗੂ ਕੁਲਵੰਤ ਲੌਂਗੋਵਾਲ, ਹਰਦਮ ਸੰਗਰੂਰ, ਅਮਨ ਸੇਖਾਂ, ਗੁਰਪ੍ਰੀਤ ਖੇੜੀ, ਅਮਨਦੀਪ ਖੇੜੀ, ਰਣਵੀਰ ਸਿੰਘ ਨਦਾਮਪੁਰ ਆਦਿ ਹਾਜ਼ਰ ਸਨ।


cherry

Content Editor

Related News