ਸੰਗਰੂਰ ਤੋਂ 16 ਬੱਸਾਂ ਰਾਹੀਂ ਉੱਤਰ ਪ੍ਰਦੇਸ਼ ਦੇ 358 ਪ੍ਰਵਾਸੀਆਂ ਨੂੰ ਕੀਤਾ ਗਿਆ ਰਵਾਨਾ : ਡਿਪਟੀ ਕਮਿਸ਼ਨਰ
Sunday, May 24, 2020 - 02:14 PM (IST)
ਸੰਗਰੂਰ (ਸਿੰਗਲਾ): ਕੋਵਿਡ 19 ਦੀ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਕਾਰਨ ਕਈ ਸੂਬਿਆਂ ਦੇ ਵਿਅਕਤੀ ਪੰਜਾਬ ਵਿਚ ਫ਼ਸੇ ਹੋਏ ਹਨ। ਪੰਜਾਬ ਸਰਕਾਰ ਦੇ ਯਤਨਾ ਸਦਕਾ ਹੁਣ ਇਨ੍ਹਾਂ ਨੂੰ ਆਪਣੇ-ਆਪਣੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਹੀ ਲੜੀ ਤਹਿਤ ਉੱਤਰ ਪ੍ਰਦੇਸ਼ ਨਾਲ ਸਬੰਧਤ ਸੰਗਰੂਰ ਜ਼ਿਲ੍ਹੇ ਵਿਚ ਰਹਿ ਰਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਪਟਿਆਲਾ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਵਾਨਾ ਹੋਈ । ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਪਟਿਆਲਾ ਵਿਖੇ ਪਹੁੰਚਾਉਣ ਲਈ ਜ਼ਿਲ੍ਹਾ ਸੰਗਰੂਰ ’ਚੋਂ ਵੱਖ-ਵੱਖ ਸਬ-ਡਵੀਜ਼ਨਾਂ ਤੋਂ 16 ਬੱਸਾਂ ਨੋਡਲ ਅਫਸਰਾਂ ਦੀ ਅਗਵਾਈ ਹੇਠ ਰਵਾਨਾ ਕੀਤੀਆਂ ਗਈਆਂ । ਇਨ੍ਹਾਂ ਨੋਡਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਮੂਹ ਵਿਅਕਤੀਆਂ ਨੁੰ ਮੈਡੀਕਲ ਸਕ੍ਰੀਨਿੰਗ ਉਪਰੰਤ ਸਰਟੀਫਿਕੇਟ ਜਾਰੀ ਕੀਤੇ ਗਏ । ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜ਼ਿਲ੍ਹਾ ਪੱਧਰ ’ਤੇ ਡਿਪਟੀ ਡਾਇਰੈਕਟਰ ਫ਼ੈਕਟਰੀ ਸੰਗਰੂਰ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜਿਨ੍ਹਾਂ ਨੇ ਵੱਖ-ਵੱਖ ਸਬ-ਡਵੀਜ਼ਨਾਂ ਤੇ ਲਗਾਏ ਗਏ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਇਸ ਸਾਰੀ ਕਾਰਵਾਈ ਨੂੰ ਪੂਰਾ ਕੀਤਾ ।
ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਭਰ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਤੋਂ 16 ਬੱਸਾਂ ਰਾਹੀਂ 358 ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਅਤੇ ਹੋਰ ਜ਼ਿਲਿ੍ਹਆਂ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਰਵਾਨਾ ਕੀਤਾ ਗਿਆ। ਸਬ ਡਵੀਜ਼ਨ ਮਾਲੇਰਕੋਟਲਾ ਤੋਂ 75, ਸੰਗਰੂਰ ਤੋਂ 91, ਧੂਰੀ ਤੋਂ 93, ਸੁਨਾਮ ਤੋਂ 37, ਭਵਾਨੀਗੜ੍ਹ ਤੋਂ 15, ਅਹਿਮਦਗੜ੍ਹ ਤੋਂ 14, ਦਿੜ੍ਹਬਾ ਤੋਂ 2, ਲਹਿਰਾ ਤੋਂ 24 ਅਤੇ ਮੂਨਕ ਤੋਂ 7 ਵਿਅਕਤੀਆਂ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਲਿਜਾਣ ਸਮੇਂ ਉਚਿਤ ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ।