ਸੰਗਰੂਰ ਦੇ 60 ਸਾਲਾਂ ਅਮਰਜੀਤ ਸਿੰਘ ਨੇ ਸਿਹਤਯਾਬ ਹੋ ਕੇ ਜਿੱਤੀ ਕੋਰੋਨਾ ਵਿਰੁੱਧ ਜੰਗ

Friday, Apr 24, 2020 - 01:29 AM (IST)

ਸੰਗਰੂਰ ਦੇ 60 ਸਾਲਾਂ ਅਮਰਜੀਤ ਸਿੰਘ ਨੇ ਸਿਹਤਯਾਬ ਹੋ ਕੇ ਜਿੱਤੀ ਕੋਰੋਨਾ ਵਿਰੁੱਧ ਜੰਗ

ਸੰਗਰੂਰ,(ਸਿੰਗਲਾ)- ਸੰਗਰੂਰ ਵਾਸੀਆਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ। ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਪਹਿਲੇ ਮਰੀਜ਼ ਅਮਰਜੀਤ ਸਿੰਘ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤ ਲਿਆ ਹੈ। ਅਮਰਜੀਤ ਸਿੰਘ ਨੂੰ ਵੀਰਵਾਰ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ. ਐਮ. ਓ ਡਾ. ਕਿਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਹੋਰ ਟੀਮ ਵੱਲੋਂ ਗੁਲਦਸਤਾ ਤੇ ਮਿਠਾਈ ਦਾ ਡੱਬਾ ਭੇਟ ਕਰਕੇ ਭਵਿੱਖ ਲਈ ਸ਼ੁਭਕਾਮਨਾ ਭੇਟ ਕਰਦਿਆਂ ਘਰ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿਖੇ ਬੀਤੀ 9 ਅਪ੍ਰੈਲ ਤੋਂ ਇਲਾਜ ਕਰਵਾ ਰਹੇ ਅਮਰਜੀਤ ਸਿੰਘ ਵੀ ਜਾਣ ਮੌਕੇ ਖੁਸ਼ ਨਜ਼ਰ ਆਏ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲੇ 'ਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਤੋਂ ਸਾਰੇ ਨਾਗਰਿਕਾਂ ਨੂੰ ਸੇਧ ਲੈਣ ਦਾ ਸੱਦਾ ਦਿੰਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਨਾਮੁਰਾਦ ਬਿਮਾਰੀ ਹੈ, ਜਿਸ ਤੋਂ ਬਚਾਓ ਦੇ ਤਰੀਕਿਆਂ ਨੂੰ ਵਿਅਕਤੀਗਤ ਪੱਧਰ 'ਤੇ ਅਮਲ 'ਚ ਲਿਆਂਦੇ ਜਾਣ ਦੀ ਲੋੜ ਹੈ। ਕੋਵਿਡ-19 ਆਈਸੋਲੇਸ਼ਨ ਵਾਰਡ 'ਚੋਂ ਬਾਹਰ ਆਉਂਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਦੀ ਹਸਪਤਾਲ 'ਚ ਬਿਹਤਰੀਨ ਸਾਂਭ ਸੰਭਾਲ ਹੋਈ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਜਿਸ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਹੈ ਅਤੇ ਲੋਕ ਸਿਰਫ਼ ਐਮਰਜੈਂਸੀ ਹਾਲਤਾਂ 'ਚ ਹੀ ਘਰੋਂ ਬਾਹਰ ਨਿਕਲਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾਵੇ ਅਤੇ ਵਾਰ-ਵਾਰ ਹੱਥ ਧੋਣ ਨੂੰ ਤਰਜੀਹ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ 60 ਸਾਲਾਂ ਦੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਵਸਨੀਕ ਹਨ ਅਤੇ ਇਹ ਦਿੱਲੀ ਤੋਂ ਸਾਹਨੇਵਾਲ ਤੱਕ ਆਈ ਇਕ ਕੋਵਿਡ ਪਾਜ਼ੀਟਿਵ ਪਾਈ ਗਈ ਸਵਾਰੀ ਦੇ ਨਾਲ ਬੈਠੇ ਸਨ। ਇਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ। ਅਮਰਜੀਤ ਸਿੰਘ ਦੇ ਟੈਸਟ ਨੈਗੇਟਿਵ ਆਉਣ ਮਗਰੋਂ ਜ਼ਿਲ•ਾ ਸੰਗਰੂਰ ਵਿਖੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਗਿਣਤੀ 2 'ਤੇ ਆ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਸ਼੍ਰੀ ਅਮਰਜੀਤ ਸਿੰਘ ਦਾ ਇਲਾਜ ਸਫ਼ਲ ਹੋਣਾ ਪੰਜਾਬ ਦੀ ਕੋਵਿਡ-19 ਵਿਰੁੱਧ ਜੰਗ ਲਈ ਆਸ ਦੀ ਵੱਡੀ ਕਿਰਨ  ਹੈ। ਉਨ•ਾਂ ਕਿਹਾ  ਕਿ ਦਹਿਲੀਜ਼ ਕਲਾਂ ਦੇ ਪਾਜੀਟਿਵ ਪਾਏ ਗਏ ਨਾਗਰਿਕ ਦਾ ਪਹਿਲਾ ਟੈਸਟ ਨੈਗੇਟਿਵ ਆ ਗਿਆ ਹੈ ਅਤੇ ਦੂਜਾ ਟੈਸਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਵੀ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।


author

Deepak Kumar

Content Editor

Related News