ਰੇਤ ਦੀ ਮਾਈਨਿੰਗ ਕਾਰਨ ਸਰਕਾਰ ਨੂੰ ਲੱਗ ਰਿਹਾ ਰੋਜ਼ਾਨਾ ਲੱਖਾਂ ਦਾ ਚੂਨਾ, ਪ੍ਰਸ਼ਾਸਨ ਖਾਮੋਸ਼

Sunday, Jul 22, 2018 - 02:53 AM (IST)

ਰੇਤ ਦੀ ਮਾਈਨਿੰਗ ਕਾਰਨ ਸਰਕਾਰ ਨੂੰ ਲੱਗ ਰਿਹਾ ਰੋਜ਼ਾਨਾ ਲੱਖਾਂ ਦਾ ਚੂਨਾ, ਪ੍ਰਸ਼ਾਸਨ ਖਾਮੋਸ਼

ਅੰਮ੍ਰਿਤਸਰ,   (ਸੂਰੀ)-  ਠੇਕੇਦਾਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਚੂਨਾ ਲਾਉਣ ਤੋਂ ਬਾਜ਼ ਨਹੀਂ ਰਹੇ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ ਪਰ ਅਸੀਂ ਇਹ ਮਾÎਈਨਿੰਗ ਬੰਦ ਕਰ ਕੇ ਹੀ ਸਾਹ ਲਵਾਂਗੇ। ਇਹ ਪ੍ਰਗਟਾਵਾ ਡਾ. ਗੁਰਮੇਜ ਸਿੰਘ ਮਠਾਡ਼ੂ ਸਪੈਸ਼ਲ ਇਨਵਾÎਈਟੀ ਮੈਂਬਰ ਪੰਜਾਬ ਭਾਜਪਾ ਤੇ ਟਰੱਕ ਅਾਪ੍ਰੇਟਰਾਂ ਦੇ ਨੁਮਾਇੰਦੇ ਬਲਜੀਤ ਸਿੰਘ ਚਾਹਡ਼ਪੁਰ ਤੇ ਮਹੰਤ ਚੰਦ ਨੇ ਮਾਈਨਿੰਗ ਦਫਤਰ ਵਿਖੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਅਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।
ਉਨ੍ਹਾਂ ਸਾਰੰਗਦੇਵ ਤੇ ਸਾਹੋਵਾਲ ਦੀਆਂ ਗੈਰ-ਮਨਜ਼ੂਰਸ਼ੁਦਾ ਖੱਡਾਂ ’ਚੋਂ ਰੇਤ ਮਾਫੀਆ ਅੰਮ੍ਰਿਤਪਾਲ ਵੱਲੋਂ ਪੁਲਸ ਨਾਲ ਮਿਲੀਭੁਗਤ ਕਰ ਕੇ ਰੋਜ਼ਾਨਾ ਲੱਖਾਂ ਰੁਪਏ ਦੀ ਰੇਤ ਚੋਰੀ ਕਰਨ ਦਾ ਦੋਸ਼ ਲਾਇਆ ਹੈ, ਇਸ ਵਿਚ ਸਥਾਨਕ ਕਾਂਗਰਸੀ ਆਗੂ ਵੀ ਸ਼ਾਮਿਲ ਹਨ, ਜਿਸ ਕਰ ਕੇ ਸਰਕਾਰੀ ਅਮਲਾ ਵੀ ਅੱਖਾਂ ਬੰਦ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਇਹ ਸਭ ਚੱਲ ਰਿਹਾ ਹੈ। ਬੱਲਡ਼ਵਾਲ ’ਚ ਸਰਕਾਰੀ ਤੌਰ ’ਤੇ ਬੰਦ ਹੋ ਚੁੱਕੀ ਖੱਡ ’ਚ ਠੇਕੇਦਾਰ ਧਰਮਪਾਲ ਵੱਲੋਂ ਨਿਯਮ ਤਹਿਤ ਤੈਅਸ਼ੁਦਾ ਨਿਕਾਸੀ ਤੋਂ ਕਈ ਗੁਣਾ ਵੱਧ ਰੇਤ ਦੀ ਨਿਕਾਸੀ ਮਾਰਚ ਮਹੀਨੇ ਤੱਕ ਕੀਤੀ ਜਾ ਚੁੱਕੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਬਿਨਾਂ ਕਿਸੇ ਪਰਚੀ ਤੋਂ ਠੇਕੇਦਾਰ ਪੈਸੇ ਲੈ ਕੇ ਗੱਡੀਆਂ ਕਢਵਾ ਰਹੇ ਹਨ। ਜੋ ਪੈਸੇ ਨਹੀਂ ਦਿੰਦਾ, ਉਸ ਨੂੰ ਪੁਲਸ ਕੋਲ ਫਡ਼ਾ ਦਿੰਦੇ ਹਨ। ਅਸੀਂ ਇਸ ਸਬੰਧੀ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਅਤੇ ਮਾਈਨਿੰਗ ਅਫਸਰ ਨੂੰ ਵੀ ਵਾਰ-ਵਾਰ ਮਿਲ ਚੁੱਕੇ ਹਾਂ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ।
ਇਸ ਸਬੰਧੀ ਐਕਸੀਅਨ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੇਰੀ ਤਾਂ ਇਥੋਂ ਫਿਰੋਜ਼ਪੁਰ ਬਦਲੀ ਹੋ ਗਈ ਹੈ, ਅਜੇ ਤੱਕ ਕੋਈ ਹੋਰ ਅਫਸਰ ਨਹੀਂ ਆਇਆ ਪਰ ਫਿਰ ਵੀ ਮੈਂ ਜਲਦ ਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਠੋਸ ਉਪਰਾਲੇ ਕਰਾਂਗਾ ਤੇ ਕੱਲ ਹੀ ਡਿਊਟੀ ਲਾ ਦਿਆਂਗਾ।


Related News