ਰੇਤ ਮਾਫੀਆ ਵੱਲੋਂ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲਾਇਆ ਜਾ ਰਿਹੈ ਕਰੋੜਾਂ ਦਾ ਚੂਨਾ

Tuesday, Jul 25, 2017 - 02:23 AM (IST)

ਮਮਦੋਟ/ਫਿਰੋਜ਼ਪੁਰ, (ਜਸਵੰਤ, ਸ਼ਰਮਾ, ਸ਼ੈਰੀ)— ਰੇਤ ਮਾਫੀਆ ਵੱਲੋਂ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਅਤੇ ਦਿਨ-ਦਿਹਾੜੇ ਕੀਤੀ ਜਾ ਰਹੀ ਇਸ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਕਿ ਜਿਸ ਥਾਂ 'ਤੇ ਨਾਜਾਇਜ਼ ਮਾਈਨਿੰਗ ਹੋਣ ਦਾ ਪਤਾ ਲੱਗਾ, ਉਸ ਏਰੀਏ ਦੇ ਮਾਈਨਿੰਗ ਅਫਸਰ ਅਤੇ ਐੱਸ. ਐੱਚ. ਓ. ਨੂੰ ਮੁਅੱਤਲ ਕੀਤਾ ਜਾਵੇ, ਦੇ ਬਾਵਜੂਦ ਰੇਤ ਦੀ ਕਾਲਾਬਾਜ਼ਾਰੀ 'ਚ ਕੋਈ ਫਰਕ ਨਹੀਂ ਪਿਆ ਅਤੇ ਸਿਆਸੀ ਆਕਾਵਾਂ ਦੀ ਸ਼ਹਿ ਤੇ ਪ੍ਰਸ਼ਾਸਨ ਦੇ ਨੱਕ ਹੇਠ ਇਸ ਧੰਦੇ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। 
ਜਾਣਕਾਰੀ ਅਨੁਸਾਰ ਚੰਗਾਲੀ ਜਦੀਦ, ਸੁੱਧ ਸਿਘ ਵਾਲਾ ਦੇ ਆਸ-ਪਾਸ 4 ਦੇ ਕਰੀਬ ਰੇਤ ਦੀਆਂ ਖੱਡਾਂ ਮਨਜ਼ੂਰਸ਼ੁਦਾ ਹਨ ਪਰ ਇਸ ਏਰੀਏ 'ਚ ਦਰਜਨ ਤੋਂ ਵੀ ਜ਼ਿਆਦਾ ਖੱਡਾਂ ਤੋਂ ਰੋਜ਼ਾਨਾ ਹਜ਼ਾਰਾਂ ਟਨ ਰੇਤ ਦੀ ਨਿਕਾਸੀ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ। ਖੱਡਾਂ 'ਚੋਂ ਰੇਤ ਵਿਭਾਗੀ ਨਿਯਮਾਂ ਮੁਤਾਬਿਕ 10 ਫੁੱਟ ਦੀ ਡੂੰਘਾਈ ਤੋਂ ਜ਼ਿਆਦਾ ਅਤੇ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਜੇ. ਸੀ. ਬੀ. ਅਤੇ ਪੋਕਲੇਨ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਰੇਤ ਦੀ ਕਾਲਾਬਜ਼ਾਰੀ ਨੇ ਸਭ ਨਿਯਮ ਛਿੱਕੇ ਟੰਗ ਦਿੱਤੇ ਹਨ ਅਤੇ ਰੇਤ ਮਾਫੀਆ ਦਿਨ-ਦਿਹਾੜੇ 50 ਫੁੱਟ ਦੀ ਡੂੰਘਾਈ ਤਕ ਰੇਤ ਦੀ ਨਿਕਾਸੀ ਕਰ ਰਿਹਾ ਹੈ, ਜਿਸ ਨਾਲ ਮਨਜ਼ੂਰਸ਼ੁਦਾ ਵਜ਼ਨ ਤਾਂ ਇਕ 2 ਮਹੀਨੇ ਵਿਚ ਹੀ ਪੂਰਾ ਹੋ ਜਾਂਦਾ ਹੈ, ਜਦਕਿ ਮਨਜ਼ੂਰਸ਼ੁਦਾ ਖੱਡ ਨੂੰ ਛੱਡ ਕੇ ਕਿਸੇ ਹੋਰ ਥਾਂ 'ਤੇ ਪਹਿਲਾਂ ਪੁਟਾਈ ਕੀਤੀ ਜਾਂਦੀ ਹੈ। ਜਦੋਂ ਇਸ ਨਾਜਾਇਜ਼ ਮਾਈਨਿੰਗ ਸੰਬੰਧੀ ਪੱਤਰਕਾਰਾਂ ਦੀ ਟੀਮ ਉਕਤ ਖੱਡਾਂ 'ਤੇ ਪੁੱਜੀ ਤਾਂ ਰੇਤ ਮਾਫੀਆ ਦੇ ਕਰਿੰਦੇ ਖੱਡਾਂ 'ਚ ਚੱਲਦੀਆਂ ਪੋਕਲੇਨ ਮਸ਼ੀਨਾਂ ਤੇ ਟਰੱਕ-ਟਰਾਲੀਆਂ ਛੱਡ ਕੇ ਭੱਜ ਗਏ। ਰੇਤ ਦੇ ਡੂੰਘੇ ਪੁੱਟੇ ਖੱਡਿਆਂ 'ਚ ਪੋਕਲੇਨ ਅਤੇ ਜੇ. ਸੀ. ਬੀ. ਮਸ਼ੀਨਾਂ ਰੁੱਖਾਂ ਹੇਠ ਇੰਝ ਲੁਕੋ ਕੇ ਰੱਖੀਆਂ ਸਨ, ਜਿਵੇਂ ਜੰਗ ਸਮੇਂ ਫੌਜੀ ਆਪਣਾ ਜੰਗੀ ਸਾਮਾਨ ਲੁਕੋ ਕੇ ਰੱਖਦੇ ਹਨ, ਜੋ ਪੱਤਰਕਾਰਾਂ ਦੀ ਟੀਮ ਦੇ ਕੈਮਰਿਆਂ ਦੀ ਅੱਖ ਤੋਂ ਨਹੀਂ ਬਚ ਸਕੀਆਂ। 
ਇਕ ਨਹੀਂ, ਕਈ ਠੇਕੇਦਾਰ ਚਲਾਉਂਦੇ ਹਨ ਨਾਜਾਇਜ਼ ਖੱਡਾਂ
ਪਿੰਡ ਸੁੱਧ ਸਿੰਘ ਵਾਲਾ, ਚੰਗਾਲੀ ਜਦੀਦ ਬਸਤੀ ਬੇਲਾ ਸਿੰਘ ਵਾਲਾ, ਬਸਤੀ ਮੂਸੇਵਾਲਾ ਸੜਕ 'ਤੇ ਨਾਜਾਇਜ਼ ਚੱਲਦੇ ਓਵਰਲੋਡ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਕਾਰਨ ਸੜਕ ਟੁੱਟ ਚੁੱਕੀ ਹੈ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਨਾਂ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ 6 ਮਹੀਨੇ ਪਹਿਲਾਂ ਇਹ ਸੜਕ ਬਣੀ ਸੀ, ਜੋ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਕ ਮਨਜ਼ੂਰ ਖੱਡ ਨਾਲ ਠੇਕੇਦਾਰ 7-8 ਖੱਡਾਂ ਚਲਾ ਰਿਹਾ ਹੈ, ਜਦਕਿ ਸੜਕੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਸੜਕੀ ਵਿਭਾਗ ਨੇ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਵੀ ਨਹੀਂ ਕੀਤੀ। ਉਕਤ ਪਿੰਡਾਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਵਾਤਾਵਰਣ ਵਿਭਾਗ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ । 
ਕੀ ਕਹਿੰਦੇ ਨੇ ਤਰੁਣ ਚੁੱਘ 
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨੌਕਰ ਦੇ ਨਾਂ 'ਤੇ ਰੇਤ ਦੀਆਂ ਖੱਡਾਂ ਹਨ। ਜੇ ਕੈਪਟਨ ਨੇ ਥਾਣਾ ਮੁਖੀ ਅਤੇ ਮਾਈਨਿੰਗ ਅਫਸਰ ਸਸਪੈਂਡ ਕਰਨ ਦੀ ਗੱਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮੰਤਰੀ ਅਤੇ ਜਿਨ੍ਹਾਂ ਐੱਮ. ਐੱਲ. ਏਜ਼ ਦੇ ਹਲਕਿਆਂ 'ਚ ਖੱਡਾਂ ਚੱਲਦੀਆਂ ਹਨ, ਉਨ੍ਹਾਂ ਨੂੰ ਸਸਪੈਂਡ ਕਰੇ ।  


Related News