ਸਮਰਾਲਾ : 2 ਨੌਜਵਾਨਾਂ ਦੇ ਤਬਲੀਗੀ ਜਮਾਤ ''ਚ ਸ਼ਾਮਲ ਹੋਣ ਦੀ ਖਬਰ, ਪੰਚਾਇਤ ਨੇ ਘਰਾਂ ਬਾਹਰ ਬਿਠਾਇਆ ਪਹਿਰਾ

Thursday, Apr 02, 2020 - 04:44 PM (IST)

ਸਮਰਾਲਾ : 2 ਨੌਜਵਾਨਾਂ ਦੇ ਤਬਲੀਗੀ ਜਮਾਤ ''ਚ ਸ਼ਾਮਲ ਹੋਣ ਦੀ ਖਬਰ, ਪੰਚਾਇਤ ਨੇ ਘਰਾਂ ਬਾਹਰ ਬਿਠਾਇਆ ਪਹਿਰਾ

ਸਮਰਾਲਾ (ਗਰਗ) : ਦਿੱਲੀ ਵਿਖੇ ਨਿਜ਼ਾਮੂਦੀਨ ਮਰਕਜ ਦੀ ਘਟਨਾ ਤੋਂ ਬਾਅਦ ਜਿੱਥੇ ਦੇਸ਼ ਭਰ 'ਚ ਤਬਲੀਗੀ ਜਮਾਤ ਦੇ ਮੈਂਬਰਾਂ ਦੀ ਜੰਗੀ ਪੱਧਰ 'ਤੇ ਭਾਲ ਸ਼ੁਰੂ ਹੋ ਗਈ ਹੈ, ਉੱਥੇ ਹੀ ਇਨ੍ਹਾਂ ਜਮਾਤੀਆਂ 'ਚ ਵੱਡੇ ਪੱਧਰ 'ਤੇ ਕਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਸਮਰਾਲਾ ਨੇੜਲੇ ਪਿੰਡ ਹੇਡੋਂ ਦੇ ਵੀ ਦੋ ਨੌਜਵਾਨਾਂ ਵੱਲੋਂ ਉੱਤਰ ਪ੍ਰਦੇਸ਼ ਦੇ ਕਾਂਡਲਾ ਇਲਾਕੇ 'ਚ ਆਯੋਜਿਤ ਹੋਈ ਜਮਾਤ ਦੇ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਦੀਆਂ ਸੂਚਨਾਵਾਂ ਮਿਲੀਆਂ, ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਘਰਾਂ ਦੀ ਘੇਰਾਬੰਦੀ ਕਰਦੇ ਹੋਏ, ਉਥੇ 24 ਘੰਟੇ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ ਪਰ ਇਹ ਦੋਵੇ ਨੌਜਵਾਨ ਅਜੇ ਤੱਕ ਪਿੰਡ ਨਹੀਂ ਪਰਤੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਮਾਮਲੇ ਦੀ ਸੂਚਨਾ ਮਿਲਦੇ ਹੀ ਇਨ੍ਹਾਂ ਦੇ ਘਰ ਦੇ ਬਾਹਰ ਚਿਤਾਵਨੀ ਸਟਿੱਕਰ ਲਗਾਏ ਗਏ ਹਨ ਅਤੇ ਸਮਰਾਲਾ ਪੁਲਸ ਪਲ-ਪਲ ਪੂਰੇ ਮਾਮਲੇ 'ਤੇ ਨਜ਼ਰ ਬਣਾ ਕੇ ਰੱਖ ਰਹੀ ਹੈ। 

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵੱਲੋਂ ਜਿਵੇਂ ਹੀ ਕੁਝ ਲੋਕਾਂ ਕੋਲੋ ਕਰੋਨਾ ਟੈਸਟ ਬਾਰੇ ਜਾਣਕਾਰੀ ਹਾਸਲ ਕਰਨ ਸਬੰਧੀ ਪੁੱਛ-ਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਨਵਰੀ ਮਹੀਨੇ 'ਚ ਇਸ ਪਰਿਵਾਰ ਦੇ ਦੋ ਨੌਜਵਾਨ ਉੱਤਰ ਪ੍ਰਦੇਸ਼ ਦੇ ਕਾਂਡਲਾ ਜ਼ਿਲੇ ਵਿਖੇ ਜਮਾਤ 'ਚ ਸ਼ਾਮਲ ਹੋਣ ਲਈ ਗਏ ਹੋਏ ਹਨ, ਜੋ ਕਿ ਅਜੇ ਤੱਕ ਪਿੰਡ ਵਾਪਸ ਨਹੀਂ ਪਰਤੇ ਹਨ। ਪਿੰਡ ਦੇ ਸਰਪੰਚ ਜੀਵਨ ਰਾਣਾ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਿਵੇ ਹੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਪ੍ਰਸਾਸ਼ਨ ਨੂੰ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੇ ਘਰ ਦੇ ਬਾਹਰ ਉਸੇ ਵੇਲੇ ਪੰਚਾਇਤ ਵੱਲੋਂ ਪਹਿਰਾ ਵੀ ਲਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਦੇ ਇਕ ਨੌਜਵਾਨ ਨੇ ਫੋਨ 'ਤੇ ਇਹ ਦੱਸਿਆ ਕਿ ਉਹ ਪੰਜਾਬ ਵਾਪਸ ਆ ਚੁੱਕਾ ਹੈ ਅਤੇ ਨੇੜਲੇ ਪਿੰਡ ਲੱਖੋਵਾਲ ਠਹਿਰਿਆ ਹੋਇਆ ਹੈ, ਜਦੋਂ ਕਿ ਦੂਜਾ ਨੌਜਵਾਨ ਅਜੇ ਤੱਕ ਉੱਤਰ ਪ੍ਰਦੇਸ਼ 'ਚ ਹੀ ਹੈ ਅਤੇ ਉਸ ਦੀ ਅੱਜ ਵਾਪਸ ਪਰਤ ਆਉਣ ਦੀ ਸੰਭਾਵਨਾ ਹੈ। 

 ਇਸ ਬਾਰੇ ਗੱਲਬਾਤ ਕਰਦਿਆ ਐੱਸ.ਐੱਚ.ਓ. ਸਮਰਾਲਾ ਸਿੰਕਦਰ ਸਿੰਘ ਨੇ ਦੱਸਿਆ ਕਿ ਪੁਲਸ ਪੂਰੀ ਚੌਕਸੀ ਨਾਲ ਇਸ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ ਅਤੇ ਜਿਵੇ ਹੀ ਇਨ੍ਹਾਂ 'ਚੋਂ ਕੋਈ ਨੌਜਵਾਨ ਪਰਤਦਾ ਹੈ ਤਾਂ ਉਸ ਨੂੰ ਉਸੇ ਵੇਲੇ ਸਿਹਤ ਜਾਂਚ ਲਈ ਸਿਹਤ ਵਿਭਾਗ ਕੋਲ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਨੌਜਵਾਨਾਂ ਵਿਚ ਇਕ ਪਿੰਡ ਹੇਡੋਂ ਦਾ ਰਹਿਣ ਵਾਲਾ ਹੈ ਅਤੇ ਦੂਜਾ ਨੌਜਵਾਨ ਨੇੜਲੇ ਪਿੰਡ ਕੋਟਾਲਾ ਵਿਖੇ ਰਹਿੰਦਾ ਹੈ। 


author

Babita

Content Editor

Related News