ਸਮਰਾਲਾ ''ਚ ਇਕੋ ਦਿਨ 3 ਬੱਚੇ ਲਾਪਤਾ

09/18/2019 7:38:01 PM

ਸਮਰਾਲਾ,(ਗਰਗ): ਸ਼ਹਿਰ 'ਚ ਇਕੋ ਦਿਨ 3 ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ 'ਚ ਇਕ 15 ਸਾਲ ਦੀ ਲੜਕੀ ਸਮੇਤ 2 ਨਾਬਾਲਗ ਲੜਕੇ ਸ਼ਾਮਲ ਹਨ। ਲਾਪਤਾ ਬੱਚਿਆਂ ਦੇ ਮਾਪਿਆਂ ਵੱਲੋਂ ਸਥਾਨਕ ਪੁਲਸ ਸਟੇਸ਼ਨ 'ਚ ਇਨ੍ਹਾਂ ਬੱਚਿਆਂ ਬਾਰੇ ਇਤਲਾਹ ਦੇਣ ਤੋਂ ਬਾਅਦ ਐੱਸ. ਐੱਚ. ਓ. ਦੀ ਅਗਵਾਈ 'ਚ ਸਪੈਸ਼ਲ ਪੁਲਸ ਟੀਮ ਸਰਗਰਮੀ ਨਾਲ ਬੱਚਿਆਂ ਦੀ ਭਾਲ 'ਚ ਜੁਟ ਗਈ ਹੈ।

ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਛੇਵੀਂ ਤੇ ਸੱਤਵੀਂ ਜਮਾਤ 'ਚ ਪੜਨ ਵਾਲੇ ਬੰਟੀ (11) ਪੁੱਤਰ ਅਬਦੁਲ ਯਾਸੀਨ ਵਾਸੀ ਚਾਵਾ ਰੋਡ 'ਤੇ ਮਨੋਜ ਕੁਮਾਰ (10) ਪੁੱਤਰ ਵਿਜੇ ਕੁਮਾਰ ਵਾਸੀ ਪਪੜੌਦੀ ਰੋਡ ਕੱਲ ਸਵੇਰੇ 8 ਵਜੇ ਸਕੂਲ ਗਏ ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਰਤੇ। ਇਹ ਦੋਵੇਂ ਲੜਕੇ ਆਪਸ 'ਚ ਦੋਸਤ ਹਨ ਤੇ ਹਰ ਰੋਜ਼ ਇਕੱਠੇ ਖੇਡਣ ਵੀ ਜਾਂਦੇ ਸਨ। ਹਾਲੇ ਇਨਾਂ ਬੱਚਿਆਂ ਦੀ ਤਾਲਾਸ਼ ਕੀਤੀ ਹੀ ਜਾ ਰਹੀ ਸੀ ਕਿ ਸ਼ਾਮ ਵੇਲੇ 15 ਸਾਲਾ ਲੜਕੀ ਮਹਿਕ ਰਾਣੀ ਜੋ ਕਿ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਰਹਿੰਦੀ ਹੈ, ਉਹ ਵੀ ਭੇਦਭਰੀ ਹਾਲਤ 'ਚ ਗਾਇਬ ਹੋ ਗਈ। ਇਸ ਤੋਂ ਬਾਅਦ ਦੇਰ ਰਾਤ ਪੁਲਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਗਈ ਤੇ ਪੁਲਸ ਬੱਚਿਆਂ ਦੀ ਭਾਲ 'ਚ ਜੁਟ ਗਈ। ਇਨ੍ਹਾਂ ਤਿੰਨਾਂ ਨਾਬਾਲਗ ਬੱਚਿਆਂ ਦੇ ਗਾਇਬ ਹੋਣ ਪਿੱਛੇ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਸਵੇਰ ਵੇਲੇ ਗਾਇਬ ਹੋਏ ਦੋਵੇਂ ਲੜਕੇ ਅਤੇ ਸ਼ਾਮ ਨੂੰ ਗਾਇਬ ਹੋਣ ਵਾਲੀ ਲੜਕੀ ਤਿੰਨੇ ਆਪਸ 'ਚ ਇੱਕ ਦੂਜੇ ਨੂੰ ਜਾਣਦੇ ਹਨ। ਲਾਪਤਾ ਹੋਏ ਮਨੋਜ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਿਆ ਹੈ ਕਿ ਲਾਪਤਾ ਹੋਈ ਲੜਕੀ ਮਹਿਕ ਤੇ ਉਸਦਾ ਬੇਟਾ ਆਪਸ 'ਚ ਇੱਕ ਦੂਜੇ ਨੂੰ ਜਾਣਦੇ ਸਨ ਤੇ ਸ਼ਾਮ ਵੇਲੇ ਉਸਦਾ ਬੇਟਾ ਮਨੋਜ ਤੇ ਉਸ ਦਾ ਦੋਸਤ ਬੰਟੀ ਮਹਿਕ ਦੇ ਘਰ ਖੇਡਣ ਜਾਇਆ ਕਰਦੇ ਸਨ।

ਓਧਰ ਇਸ ਮਾਮਲੇ 'ਚ ਐੱਸ. ਐੱਚ. ਓ. ਸਮਰਾਲਾ ਸਿਕੰਦਰ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਬੱਚਿਆਂ ਦੀ ਭਾਲ ਲਈ ਪੁਲਸ ਪੂਰੀ ਮੁਸਤੈਦੀ ਨਾਲ ਜੁਟੀ ਹੋਈ ਹੈ ਤੇ ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮਹਿਕ ਕੋਲ ਮੋਬਾਈਲ ਫ਼ੋਨ ਵੀ ਸੀ, ਜਿਸ ਦੀ ਲੋਕੇਸ਼ਨ ਚੈੱਕ ਕੀਤੀ ਜਾ ਰਹੀ ਹੈ।


Related News