ਮੋਹਾਲੀ : ਜਾਨ ਜੋਖਮ ''ਚ ਪਾ ''ਕੋਰੋਨਾ'' ਸਬੰਧੀ ਮਰੀਜ਼ਾਂ ਦੇ ਸੈਂਪਲ ਲੈ ਰਹੀਆਂ ਟੀਮਾਂ

Friday, Apr 03, 2020 - 03:48 PM (IST)

ਮੋਹਾਲੀ : ਜਾਨ ਜੋਖਮ ''ਚ ਪਾ ''ਕੋਰੋਨਾ'' ਸਬੰਧੀ ਮਰੀਜ਼ਾਂ ਦੇ ਸੈਂਪਲ ਲੈ ਰਹੀਆਂ ਟੀਮਾਂ

ਮੋਹਾਲੀ (ਰਾਣਾ) : ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਪਤਾ ਲਾਉਣ ਲਈ ਜ਼ਿਲਾ ਸਿਹਤ ਵਿਭਾਗ ਦੀਆਂ ਤਿੰਨ ਸੈਂਪਲਿੰਗ ਟੀਮਾਂ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਸਰਗਰਮ ਹਨ। ਕੋਰੋਨਾ ਵਾਇਰਸ ਜਿਹੀ ਜਾਨਲੇਵਾ ਬੀਮਾਰੀ ਦੇ ਸ਼ੱਕੀ ਅਤੇ ਪੁਸ਼ਟੀ ਵਾਲੇ ਮਰੀਜ਼ ਦਾ ਸੈਂਪਲ ਲੈਣਾ ਕਾਫ਼ੀ ਜੋਖਮ ਭਰਿਆ ਕੰਮ ਹੈ ਪਰ ਸੈਂਪਲਿੰਗ ਟੀਮਾਂ ਪੂਰੀ ਨਿਡਰਤਾ ਅਤੇ ਅਹਿਤਿਆਤ ਨਾਲ ਇਸ ਔਖੇ ਕੰਮ ਨੂੰ ਸਿਰੇ ਚਾੜ੍ਹ ਰਹੀਆਂ ਹਨ। ਜਦੋਂ ਵੀ ਕਿਸੇ ਇਲਾਕੇ ਜਾਂ ਘਰ 'ਚੋਂ ਕੋਈ ਪਾਜ਼ੇਟਿਵ ਜਾਂ ਸ਼ੱਕੀ ਕੇਸ ਮਿਲਦਾ ਹੈ ਤਾਂ ਟੀਮਾਂ ਤੁਰੰਤ ਟਿਕਾਣੇ 'ਤੇ ਪਹੁੰਚ ਜਾਂਦੀਆਂ ਹਨ ਅਤੇ ਸੈਂਪਲ ਇਕੱਠੇ ਕਰਦੀਆਂ ਹਨ। ਜ਼ਿਲਾ ਹਸਪਤਾਲ ਦੀ ਸੈਂਪਲਿੰਗ ਟੀਮ ਦੀ ਅਗਵਾਈ ਕਰ ਰਹੇ ਹਸਪਤਾਲ ਦੇ ਈ.ਐਨ.ਟੀ. ਸਪੈਸ਼ਲਿਸਟ ਡਾ. ਸੰਦੀਪ ਸਿੰਘ ਨੇ ਕਿਹਾ, 'ਜਦੋਂ ਵੀ ਸਾਨੂੰ ਜ਼ਿਲਾ ਹੈੱਡ ਕੁਆਰਟਰ ਤੋਂ ਨਿਰਦੇਸ਼ ਮਿਲਦਾ ਹੈ ਤਾਂ ਤੁਰੰਤ ਸਾਡੀ ਟੀਮ ਸਬੰਧਿਤ ਥਾਂ 'ਤੇ ਸੈਂਪਲ ਲੈਣ ਲਈ ਪੁੱਜ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਿਹਾ ਕੋਰੋਨਾ ਦਾ ਕਹਿਰ, ਲੁਧਿਆਣਾ ਦਾ ਇਕ ਹੋਰ ਮਰੀਜ਼ ਪਾਜ਼ੇਟਿਵ

PunjabKesari

ਅਸੀਂ ਸ਼ੱਕੀ ਮਰੀਜ਼ ਦੇ ਨੱਕ ਅਤੇ ਗਲੇ 'ਚੋਂ ਸੈਂਪਲ ਲੈਂਦੇ ਹਾਂ, ਜਦੋਂ ਕਿ ਪਾਜ਼ੇਟਿਵ ਮਰੀਜ਼ ਦੇ ਖ਼ੂਨ ਦਾ ਵੀ ਸੈਂਪਲ ਲਿਆ ਜਾਂਦਾ ਹੈ। ਅਸੀਂ ਹੁਣ ਤੱਕ ਕੋਈ 150 ਸੈਂਪਲ ਲੈ ਚੁੱਕੇ ਹਾਂ, ਜਿਨ੍ਹਾਂ 'ਚੋਂ 6 ਪਾਜ਼ੇਟਿਵ ਆਏ ਹਨ, ਜਦੋਂ ਕਿ ਬਾਕੀ ਸਾਰੇ ਨੈਗੇਵਿਟ ਆਏ ਹਨ।' ਸਮੁੱਚੇ ਜ਼ਿਲੇ 'ਚ ਹੁਣ ਤਕ 320 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 10 ਸੈਂਪਲਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਕੁੱਝ ਸੈਂਪਲਾਂ ਦੀਆਂ ਰਿਪੋਰਟਾਂ ਦੀ ਉਡੀਕ ਹੈ। ਸਾਰੇ ਸੈਂਪਲ ਪੀ. ਜੀ. ਆਈ., ਚੰਡੀਗੜ੍ਹ ਵਿਖੇ ਭੇਜੇ ਜਾਂਦੇ ਹਨ। ਸ਼ੱਕੀ ਅਤੇ ਪੁਸ਼ਟੀ ਵਾਲੇ ਮਰੀਜ਼ ਦੇ ਸਭ ਤੋਂ ਨੇੜੇ ਪੁੱਜਣ ਵਾਲੀ ਸੈਂਪਲਿੰਗ ਟੀਮ ਹੀ ਹੁੰਦੀ ਹੈ, ਜਿਸ ਕਾਰਨ ਟੀਮ ਮੈਂਬਰਾਂ ਦੇ ਮਨਾਂ ਅੰਦਰ ਡਰ ਪੈਦਾ ਹੋਣਾ ਸੁਭਾਵਕ ਹੈ।' ਇਸ ਟੀਮ ਦੇ ਮੈਂਬਰ ਆਪਣਾ, ਆਪਣੇ ਸਹਿਕਰਮੀਆਂ ਅਤੇ ਆਪਣੇ ਘਰ ਵਾਲਿਆਂ ਦਾ ਵੀ ਪੂਰਾ ਖ਼ਿਆਲ ਰਖਦੇ ਹਨ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਡਰ ਤਾਂ ਹੁੰਦਾ ਹੀ ਹੈ ਪਰ ਸਾਡੇ ਲਈ ਸਾਡਾ ਫ਼ਰਜ਼ ਸਭ ਤੋਂ ਅਹਿਮ ਹੈ।

ਇਹ ਵੀ ਪੜ੍ਹੋ : ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ

PunjabKesari

ਉਨ੍ਹਾਂ ਕਿਹਾ ਕਿ ਜਦੋਂ ਉਹ ਕੰਮ ਖਤਮ ਕਰਕੇ ਘਰ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਨਹਾਉਂਦੇ ਹਨ ਅਤੇ ਹੋਰ ਉਪਾਅ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਸਮਾਂ ਆਪਣੇ ਵੱਖਰੇ ਕਮਰੇ 'ਚ ਬਿਤਾਉਂਦੇ ਹਨ ਅਤੇ ਘਰ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਇਕ-ਦੂਜੇ ਤੋਂ ਦੂਰੀ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਡਾਕਟਰੀ ਕਿੱਤੇ ਦੇ ਲੋਕਾਂ ਲਈ। ਉਨ੍ਹਾਂ ਕਿਹਾ ਕਿ ਮਨ 'ਚ ਮਾੜਾ-ਮੋਟਾ ਡਰ ਤਾਂ ਹੁੰਦਾ ਹੀ ਹੈ ਪਰ ਅਸੀਂ ਸੈਂਪਲ ਲੈਣ ਸਮੇਂ ਨਿਜੀ ਸੁਰੱਖਿਆ ਕਿੱਟ ਪਾ ਕੇ ਪੂਰੀ ਅਹਿਤਿਆਤ ਵਰਤਦੇ ਹਾਂ।' ਡਾ. ਸੰਦੀਪ ਸਿੰਘ ਦੀ ਟੀਮ 'ਚ ਮਾਇਕਰੋ ਬਾਇਓਲੋਜਿਸਟ ਦੀਪਿਕਾ ਅਤੇ ਲੈਬ ਤਕਨੀਸ਼ੀਅਨ ਵੀ ਹੁੰਦੇ ਹਨ। ਕਈ ਵਾਰ ਉਨ੍ਹਾਂ ਨਾਲ ਮੈਡੀਕਲ ਸਪੈਸ਼ਲਿਸਟ ਵੀ ਹੁੰਦਾ ਹੈ, ਜਿਹੜਾ ਪੀੜਤ ਕੋਲੋਂ ਬੀਮਾਰੀ ਨਾਲ ਸਬੰਧਤ ਹਰ ਜਾਣਕਾਰੀ ਲੈਂਦਾ ਹੈ। ਜ਼ਿਲੇ ਦੀਆਂ ਤਿੰਨੇ ਟੀਮਾਂ ਰੋਜ਼ਾਨਾ ਔਸਤਨ 15-20 ਸੈਂਪਲ ਲੈ ਰਹੀਆਂ ਹਨ। ਪਿਛਲੇ ਦਿਨੀਂ ਜਗਤਪੁਰਾ ਅਤੇ ਨਯਾਂਗਾਓਂ 'ਚ ਕੋਰੋਨਾ ਵਾਇਰਸ ਦਾ ਮਰੀਜ਼ ਮਿਲਣ ਮਗਰੋਂ ਜ਼ਿਲਾ ਹਸਪਤਾਲ ਦੀ ਟੀਮ ਨੇ ਇਕ ਦਿਨ 'ਚ 70 ਸੈਂਪਲ ਲਏ ਸਨ।
ਹੋਰ ਟੀਮਾਂ ਦਾ ਗਠਨ ਛੇਤੀ                    
ਜ਼ਿਲਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦਸਿਆ ਕਿ ਜ਼ਿਲੇ 'ਚ ਫ਼ਿਲਹਾਲ ਤਿੰਨ ਸੈਂਪਲਿੰਗ ਟੀਮਾਂ ਹਨ, ਜਿਨ੍ਹਾਂ 'ਚੋਂ ਇਕ ਟੀਮ ਜ਼ਿਲਾ ਹਸਪਤਾਲ ਮੋਹਾਲੀ, ਇਕ ਟੀਮ ਡੇਰਾਬੱਸੀ ਦੇ ਹਸਪਤਾਲ ਅਤੇ ਇਕ ਟੀਮ ਖਰੜ ਦੇ ਹਸਪਤਾਲ ਵਿਖੇ ਬਣਾਈ ਗਈ ਹੈ। ਇਹ ਟੀਮਾਂ ਆਪੋ-ਆਪਣੇ ਇਲਾਕੇ 'ਚ ਸੈਂਪਲ ਇਕੱਠੇ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਛੇਤੀ ਹੀ ਹੋਰ ਸੈਂਪਲਿੰਗ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 14 ਦਿਨਾਂ ਤੋਂ ਬਾਅਦ ਵੀ ਜਾਰੀ ਰਹੇਗਾ 'ਕਰਫਿਊ'

PunjabKesari

 


author

Babita

Content Editor

Related News