ਜੱਗੂ ਭਗਵਾਨਪੁਰੀਆ ਦੇ ਸੰਪਰਕ 'ਚ ਆਏ ਸਪੈਸ਼ਲ ਸੈਲ ਅਧਿਕਾਰੀਆਂ ਦੇ ਲਏ ਗਏ ਸੈਂਪਲ
Monday, May 11, 2020 - 08:48 PM (IST)
ਮੋਹਾਲੀ, (ਰਾਣਾ)— ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਹਿਲੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਤੇ ਉਸ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਸ ਦੇ ਸੰਪਰਕ 'ਚ ਮੋਹਾਲੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ 'ਚ ਤਾਇਨਾਤ 19 ਪੁਲਸ ਮੁਲਾਜ਼ਮਾਂ ਸਮੇਤ ਉੱਚ ਅਧਿਕਾਰੀ ਜਿੰਨੇ ਵੀ ਜ਼ਿਲ੍ਹਾ ਮੋਹਾਲੀ 'ਚ ਰਹਿੰਦੇ ਹਨ ਸਾਰਿਆਂ ਨੂੰ ਘਰਾਂ 'ਚ ਹੀ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਉਨ੍ਹਾਂ ਸਾਰੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ, ਕਿਉਂਕਿ ਜੱਗੂ ਭਗਵਾਨਪੁਰੀਆ ਨੂੰ ਸਪੈਸ਼ਲ ਸੈੱਲ ਦੀ ਟੀਮ ਪੁੱਛਗਿਛ ਲਈ ਮੋਹਾਲੀ ਲੈ ਕੇ ਆਈ ਸੀ ।
ਡਿਪਾਰਟਮੈਂਟ ਨੂੰ ਪੱਤਰ ਲਿਖ ਮੰਗੀ ਸੀ ਲਿਸਟ
ਉਥੇ ਹੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਇਸ ਸਬੰਧੀ ਪੁਲਸ ਡਿਪਾਰਟਮੈਂਟ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ । ਜਿਸ 'ਚ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦੀ ਲਿਸਟ ਮੰਗੀ ਜੋ ਗੈਂਗਸਟਰ ਦੇ ਸੰਪਰਕ 'ਚ ਸਨ, ਨਾਲ ਹੀ ਸਿਹਤ ਵਿਭਾਗ ਨੂੰ ਦੱਸਿਆ ਜਾਵੇ ਕਿ ਜੱਗੂ ਭਗਵਾਨਪੁਰੀਆ ਦੇ ਸੰਪਰਕ 'ਚ ਆਏ ਲੋਕ ਜ਼ਿਲ੍ਹੇ ਦੇ ਕਿਨ੍ਹਾਂ ਇਲਾਕਿਆਂ 'ਚ ਰਹਿ ਰਹੇ ਹਨ ਤੇ ਉਨ੍ਹਾਂ ਸਾਰਿਆਂ ਨੂੰ ਤੁਰੰਤ ਹੋਮ ਕੁਆਰੰਟਾਈਨ ਕਰਨ ਨੂੰ ਕਹਿ ਦਿੱਤਾ ਜਾਵੇ ।
ਕੁਝ ਦਿਨ ਬਾਅਦ ਆਉਂਦੇ ਹਨ ਲੱਛਣ
ਉਥੇ ਹੀ ਡਾਕਟਰ ਮਨਜੀਤ ਸਿੰਘ ਮੁਤਾਬਕ ਜਿਨ੍ਹਾਂ ਪੁਲਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ, ਉਨ੍ਹਾਂ ਸਾਰਿਆਂ ਨੂੰ ਪੰਜ ਦਿਨ ਦਾ ਸਮਾਂ ਬੀਤ ਚੁੱਕਾ ਹੈ ਅਤੇ ਇੰਨੇ ਦਿਨ ਤੋਂ ਬਾਅਦ ਹੀ ਲੱਛਣ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਸੈਂਪਲ ਹੁਣ ਲਈ ਗਏ ਹਨ ।