ਸਿਹਤ ਮਹਿਕਮੇ ਦਾ ਕਾਰਨਾਮਾ: ਬਿਨਾਂ ਨਮੂਨਿਆਂ ਤੋਂ ਆ ਰਹੀਆਂ ਨੇ ਕੋਰੋਨਾ ਰਿਪੋਰਟਾਂ
Saturday, Oct 03, 2020 - 11:24 AM (IST)
ਬਠਿੰਡਾ/ਨਥਾਣਾ (ਬਲਵਿੰਦਰ, ਬੱਜਆਣੀਆਂ): 'ਇਟਸ ਹੈਂਪਨ ਓਨਲੀ ਇਨ ਇੰਡੀਆ' ਇਹ ਸਤਰਾਂ ਬਿਲਕੁਲ ਭਾਰਤ ਵਿਚ ਹੀ ਸਟੀਕ ਬੈਠਦੀਆਂ ਹਨ, ਕਿਉਂਕਿ ਇੱਥੇ ਕੁਝ ਵੀ ਹੋ ਸਕਦਾ ਹੈ। ਸਿਹਤ ਵਿਭਾਗ ਪੰਜਾਬ ਦੇ ਨਥਾਣਾ ਸੈਂਟਰ 'ਚ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਉਸਨੇ ਸੈਂਪਲ ਵੀ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ : ਬਹਿਬਲਕਲਾਂ ਗੋਲੀਕਾਂਡ ਸਬੰਧੀ ਇੱਕ ਹੋਰ ਵੱਡਾ ਖੁਲਾਸਾ, ਸੁਮੇਧ ਸੈਣੀ ਨੇ ਉਮਰਾ ਨੰਗਲ ਨੂੰ ਕੀਤੀ ਸੀ ਇਹ ਹਦਾਇਤ
ਜਾਣਕਾਰੀ ਮੁਤਾਬਕ 29 ਸਤੰਬਰ 2020 ਨੂੰ ਨੌਜਵਾਨ ਰਾਮ ਸਿੰਘ ਵਾਸੀ ਕਲਿਆਣ ਸੁੱਖਾ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਕੋਰੋਨਾ ਟੈਸਟ ਖਾਤਰ ਪਹੁੰਚਿਆ। ਉਸਦੀ ਰਜਿਸਟ੍ਰੇਸ਼ਨ ਵੀ ਹੋਈ, ਜਿਸਦਾ ਨੰਬਰ 15 ਸੀ। ਜਦੋਂ ਉਹ ਸੈਂਪਲ ਦੇਣ ਖਾਤਰ ਕੋਰੋਨਾ ਟੈਸਟ ਲੈਬਾਰਟਰੀ 'ਚ ਪਹੁੰਚਿਆ ਤਾਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਪੁੱਛਗਿਛ ਕੀਤੀ ਤਾਂ ਜਵਾਬ ਮਿਲਿਆ ਕਿ ਸੈਂਪਲ ਬਾਅਦ 'ਚ ਲਿਆ ਜਾਵੇਗਾ ਪਰ ਸ਼ਾਮ ਨੂੰ ਉਸਦੇ ਮੋਬਾਇਲ 'ਤੇ ਸਿਹਤ ਵਿਭਾਗ ਵਲੋਂ ਮੈਸੇਜ ਆ ਗਿਆ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੈ।ਰਾਮ ਸਿੰਘ ਨੇ ਕਿਹਾ ਕਿ ਇਹ ਮੈਸੇਜ਼ ਪੜ੍ਹ ਕੇ ਆਪਣੇ ਦੇਸ਼ 'ਤੇ ਰੋਣਾ ਆਇਆ ਕਿ ਸਿਹਤ ਸੇਵਾਵਾਂ ਦਾ ਕਿੰਨਾ ਮਾੜਾ ਹਾਲ ਹੈ ਕਿ ਬਿਨਾਂ ਸੈਂਪਲ ਹੀ ਕੋਰੋਨਾ ਟੈਸਟ ਦੀ ਰਿਪੋਰਟ ਆ ਗਈ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਬਿੱਲ ਰੱਦ ਕਰਾਉਣ ਲਈ ਗ੍ਰਾਮ ਸਭਾਵਾਂ ਵਲੋਂ ਪਾਸ ਕੀਤੇ ਮਤੇ 'ਬ੍ਰਹਮ ਅਸਤਰ': ਭਗਵੰਤ ਮਾਨ
ਦੂਜੇ ਪਾਸੇ ਇਸ ਮਾਮਲੇ ਬਾਰੇ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ, ਜਦਕਿ ਐੱਸ.ਐੱਮ.ਓ. ਨਥਾਣਾ ਡਾ. ਇੰਦਰਦੀਪ ਸਿੰਘ ਸਰਾਂ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਪੜਤਾਲ ਕਰ ਕੇ ਗੰਭੀਰ ਨੋਟਿਸ ਲੈਣਗੇ।