ਕਰਿੰਦੇ ਨੇ ਹੀ ਸਾਥੀ ਨਾਲ ਮਿਲ ਕੇ ਕੀਤੀ ਸੀ ਸ਼ਰਾਬ ਚੋਰੀ, ਦੋਵੇਂ ਗ੍ਰਿਫਤਾਰ

07/22/2017 7:54:59 AM

ਜਲੰਧਰ, (ਮਹੇਸ਼)- 19 ਜੁਲਾਈ ਦੀ ਰਾਤ ਨੂੰ ਪਿੰਡ ਢੱਡਾ ਵਿਚ ਸ਼ਰਾਬ ਦੇ ਠੇਕੇ 'ਤੇ ਹੋਈ ਚੋਰੀ ਠੇਕੇ ਦੇ ਕਰਿੰਦੇ ਨੇ ਹੀ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਕੀਤੀ ਸੀ। ਇਸ ਗੱਲ ਦੀ ਪੁਸ਼ਟੀ ਅੱਜ ਦੋਵਾਂ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਵਰੁਣ ਪੁੱਤਰ ਇੰਦਰਜੀਤ ਵਾਸੀ ਅਮਰੀਕ ਨਗਰ ਨੇੜੇ ਰੋਸ਼ਨ ਸਿੰਘ ਭੱਠਾ ਥਾਣਾ ਰਾਮਾ ਮੰਡੀ ਤੇ ਗੁਰਚੇਤਨ ਪੁੱਤਰ ਕਮਲ ਵਾਸੀ ਨਿਊ ਸੰਤੋਖਪੁਰਾ ਥਾਣਾ ਡਵੀਜ਼ਨ ਨੰਬਰ-3 ਦੇ ਤੌਰ 'ਤੇ ਹੋਈ ਹੈ। ਕਰਿੰਦੇ ਵਰੁਣ ਤੇ ਉਸਦੇ ਸਾਥੀ ਦੇ ਕਬਜ਼ੇ 'ਚੋਂ ਪੁਲਸ ਨੇ ਵੱਖ-ਵੱਖ ਬ੍ਰਾਂਡਾਂ ਦੀਆਂ 7 ਪੇਟੀਆਂ ਸ਼ਰਾਬ ਦੀਆਂ ਵੀ ਬਰਾਮਦ ਕੀਤੀਆਂ ਜੋ ਵਰੁਣ ਨੇ ਠੇਕੇ ਤੋਂ ਚੋਰੀ ਕੀਤੀਆਂ ਸਨ।
 ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਇਹ ਸ਼ਰਾਬ ਲੱਧੇਵਾਲੀ ਯੂਨੀਵਰਸਿਟੀ ਰੋਡ 'ਤੇ ਥਾਣਾ ਪਤਾਰਾ ਦੇ ਅਧੀਨ ਪੈਂਦੀ ਨਹਿਰ ਪੁਲੀ ਢੱਡਾ ਨੇੜਿਓਂ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਪੁਲਸ ਨੂੰ ਇਸ ਇਲਾਕੇ ਦੇ ਠੇਕਿਆਂ ਦੀ ਦੇਖ-ਰੇਖ ਕਰਨ ਵਾਲੇ ਗੁਰਬਚਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਡਲ ਟਾਊਨ ਜਲੰਧਰ ਨੇ ਸੂਚਨਾ ਦਿੱਤੀ ਸੀ। ਵਰੁਣ ਤੇ ਉਸਦੇ ਸਾਥੀ ਗੁਰਚੇਤਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News