ਗੁਆਂਢੀ ਤੋਂ ਬਦਲਾ ਲੈਣ ਲਈ ਮਾਂ ਨੇ ਮਾਸੂਮ ਧੀ ਦੀ ਜਾਨ ਲਾਈ ਦਾਅ 'ਤੇ

07/10/2019 10:47:31 AM

ਸਮਾਣਾ (ਦਰਦ, ਅਸ਼ੋਕ, ਅਨੇਜਾ)—ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਲ 'ਤੇ ਪਾਣੀ ਦੀ ਟੈਂਕੀ 'ਚੋਂ ਜਿਊਂਦੀ ਬਰਾਮਦ ਕਰ ਲਿਆ ਹੈ।ਇਸ ਦਿਲ-ਕੰਬਾਊ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 8 ਜੁਲਾਈ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੌਂਗਲਾ ਥਾਣਾ ਦਿੜ੍ਹਬਾ ਜ਼ਿਲਾ ਸੰਗਰੂਰ ਨੇ ਐੱਸ. ਆਈ. ਸਾਧਾ ਸਿੰਘ ਇੰਚਾਰਜ ਚੌਕੀ ਗਾਜੇਵਾਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਮਨ ਰਾਣੀ ਪੁੱਤਰੀ ਸੱਤਪਾਲ ਸਿੰਘ ਵਾਸੀ ਪਿੰਡ ਆਲਮਪੁਰ ਨਾਲ ਹੋਇਆ ਸੀ। ਉਸ ਦੀ ਇਕ 5 ਸਾਲਾ ਲੜਕੀ ਅਤੇ ਇਕ 3 ਸਾਲਾ ਲੜਕਾ ਹੈ। ਉਸ ਦੀ ਪਤਨੀ ਬੱਚਿਆਂ ਨੂੰ ਛੁੱਟੀਆਂ ਹੋਣ ਕਰ ਕੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ 1 ਮਹੀਨੇ ਤੋਂ ਆਈ ਹੋਈ ਸੀ।

ਗੁਲਾਬ ਸਿੰਘ ਵੱਲੋਂ ਦਿੱਤੇ ਲਿਖਤੀ ਬਿਆਨਾਂ ਮੁਤਾਬਕ 8 ਜੁਲਾਈ ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾ ਕੇ ਬੱਚਿਆਂ ਨੂੰ ਨਾਲ ਲੈ ਕੇ ਇਕ ਮੰਜੇ 'ਤੇ ਵਿਹੜੇ 'ਚ ਪੱਖਾ ਲਾ ਕੇ ਸੁੱਤੇ ਸਨ। ਸਵੇਰੇ ਉੱਠਣ 'ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ 'ਤੇ ਨਹੀਂ ਸੀ। ਗੁਲਾਬ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਸਹੁਰੇ ਘਰ ਪੁੱਜਾ। ਲੜਕੀ ਦੀ ਭਾਲ ਕੀਤੀ ਜੋ ਨਹੀਂ ਮਿਲੀ। ਉਸ ਨੇ ਥਾਣਾ ਸਦਰ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਤਫਤੀਸ਼ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸਹੁਰਿਆਂ ਦੇ ਘਰ ਦੇ ਨਾਲ ਵਾਲੇ ਇਕ ਘਰ ਨੂੰ ਛੱਡ ਕੇ ਨਾਲ ਲਗਦੇ ਗੁਰਨਾਮ ਸਿੰਘ ਪੁੱਤਰ ਚਰਨਾ ਰਾਮ ਦੇ ਘਰ ਦੀ ਤੀਜੀ ਮੰਜ਼ਲ 'ਤੇ ਰੱਖੀ ਪਾਣੀ ਵਾਲੀ 1000 ਲਿਟਰ ਦੀ ਟੈਂਕੀ 'ਚੋਂ ਕੁੱਝ ਅਵਾਜ਼ਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਸ ਨੂੰ ਮਿਲੀ।

ਪੁਲਸ ਵੱਲੋਂ ਮੌਕੇ 'ਤੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਂਕੀ 'ਚੋਂ ਜਿਊਂਦੀ ਬਰਾਮਦ ਕਰਵਾ ਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾ ਰਾਮ ਦੇ ਘਰੋਂ 4000 ਰੁਪਏ ਚੋਰੀ ਕੀਤੇ ਸਨ। ਇਸ ਬਾਰੇ ਪਤਾ ਲੱਗਣ ਕਰ ਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਸਨ। ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਸੀ ਕਿ ਜੇਕਰ ਤੂੰ ਚੋਰੀ ਕੀਤੀ ਹੈ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗਾ ਪਰ ਤੈਨੂੰ ਨਹੀਂ । ਇਸ ਕਰ ਕੇ ਲੜਕੀ ਦੀ ਮਾਤਾ ਸੁਮਨ ਰਾਣੀ ਨੇ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜ਼ਲ 'ਤੇ ਬਣੀ ਪਾਣੀ ਵਾਲੀ ਟੈਂਕੀ 'ਚ ਸੁੱਟ ਦਿੱਤਾ ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜ਼ਾਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਲਾ ਕੇ ਉਨ੍ਹਾਂ ਨੂੰ ਫਸਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Shyna

Content Editor

Related News