ਪੰਜ ਤੱਤਾਂ 'ਚ ਵਿਲੀਨ ਹੋਏ ਸ਼ਹੀਦ ਫਲਾਇੰਗ ਲੈਫਟੀਨੈਂਟ ਮੋਹਿਤ ਗਰਗ (ਵੀਡੀਓ)

06/21/2019 12:55:23 PM

ਪਟਿਆਲਾ/ਸਮਾਣਾ (ਪਰਮੀਤ)—ਅੱਜ ਸ਼ਹਿਰ ਸਮਾਣਾ ਦਾ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਦੇਸ਼ ਭਗਤੀ ਦੇ ਰੰਗ 'ਚ ਰੰਗੇ ਇੱਥੋਂ ਦੇ ਸਮਸ਼ਾਨਘਾਟ ਵਿਖੇ ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਫਲਾਇਟ ਲੈਫਟੀਨੈਂਟ ਸ੍ਰੀ ਮੋਹਿਤ ਕੁਮਾਰ ਗਰਗ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਸ੍ਰੀ ਗਰਗ ਪਿਛਲੇ ਦਿਨੀਂ ਭਾਰਤੀ ਹਵਾਈ ਸੈਨਾ ਦੇ ਐਨ.ਏ 32 ਜਹਾਜ਼ ਨੂੰ ਆਸਾਮ ਦੇ ਜੋਰਾਹਟ ਖੇਤਰ 'ਚ ਹਾਦਸਾ ਪੇਸ਼ ਆਉਣ ਕਾਰਨ ਸ਼ਹੀਦ ਹੋ ਗਏ ਸਨ ਤੇ ਅੱਜ ਭਾਰਤੀ ਹਵਾਈ ਫ਼ੌਜ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਤਾਬੂਤ ਪੂਰੇ ਸਰਕਾਰੀ ਸਨਮਾਨਾਂ ਸਹਿਤ ਕੌਮੀ ਝੰਡੇ ਤਿਰੰਗੇ 'ਚ ਲਪੇਟ ਕੇ ਸਮਾਣਾ ਵਿਖੇ ਲਿਆਂਦਾ ਗਿਆ ਸੀ।

ਇਸ ਦੌਰਾਨ ਸ਼ਹੀਦ ਫਲਾਇਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਸ੍ਰੀ ਅਸ਼ਵਨੀ ਗਰਗ ਨੇ ਦਿਖਾਈ। ਉਹ ਆਪਣੇ ਪਿਤਾ ਸ੍ਰੀ ਸੁਰਿੰਦਰਪਾਲ ਗਰਗ, ਮਾਤਾ ਸ੍ਰੀਮਤੀ ਸੁਲੋਚਨਾ ਦੇਵੀ ਅਤੇ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਸ਼ਹੀਦ ਫਲਾਇਟ ਲੈਫ਼ਟੀਨੈਟ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਹਵਾਈ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਦੌਰਾਨ ਭਾਰਤੀ ਹਵਾਈ ਸੈਨਾ, 43 ਸੁਕੈਂਡਰਨ, ਜਿਸ 'ਚ ਕਿ ਸ਼ਹੀਦ ਸੇਵਾ ਨਿਭਾ ਰਿਹਾ ਸੀ, ਦੇ ਫ਼ਲਾਇੰਗ ਕਮਾਂਡਰ, ਗਰੁੱਪ ਕੈਪਟਨ ਐਮ. ਅਭਿਮਾਨ ਨੇ ਭਾਵੁਕਤਾ ਭਰੇ ਮਾਹੌਲ 'ਚ ਸ਼ਹੀਦ ਦੀ ਕੈਪ, ਮੈਡਲ ਅਤੇ ਉਸਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਆਸਥਾ ਗਰਗ ਨੂੰ ਸੌਂਪ ਕੇ ਸਲਾਮੀ ਦਿੱਤੀ। 

PunjabKesari

ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਭਾਰਤੀ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ, ਚੀਫ਼ ਆਫ਼ ਏਅਰ ਸਟਾਫ਼ ਬੀ.ਐਸ. ਧਨੋਆ ਵਲੋਂ ਗਰੁੱਪ ਕੈਪਟਨ ਐੱਸ.ਐੱਸ. ਕੈਲਾ ਨੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਸ਼ਹੀਦ ਦੀ ਦੇਹ 'ਤੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਵਲੋਂ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜੇਸ਼ 
ਕੁਮਾਰ ਸ਼ਰਮਾ ਅਤੇ ਸ੍ਰੀ ਬਲਵਿੰਦਰ ਸਿੰਘ ਨੇ ਰੀਥ ਰੱਖੀ।
PunjabKesari

ਇਸੇ ਦੌਰਾਨ ਏਅਰ ਆਫ਼ਿਸਰ ਕਮਾਂਡਿੰਗ ਹੈਡ ਕੁਆਰਟਰਜ ਡਬਲਿਯੂ.ਏ.ਸੀ. ਏਅਰ ਮਾਰਸ਼ਲ ਨਾਮਬਿਆਰ ਦੀ ਤਰਫ਼ੋਂ ਵਿੰਗ ਕਮਾਂਡਰ ਅਮਨ ਵਿਰਕ ਨੇ, ਸਟੇਸ਼ਨ ਕਮਾਂਡਰ ਏਅਰ ਫੋਰਸ ਸਟੇਸ਼ਨ ਪਟਿਆਲਾ ਦੀ ਤਰਫ਼ੋਂ ਸੁਕੈਂਡਰਨ ਲੀਡਰ ਰਾਹੁਲ ਨੇ, ਸਟੇਸ਼ਨ ਮਾਸਟਰ ਵਾਰੰਟ ਅਫ਼ਸਰ ਦੀ ਤਰਫ਼ੋਂ ਐਮ.ਡਬਲਯੂ.ਓ. ਬੀ.ਕੇ. ਸਿੰਘ ਨੇ ਰੀਥਾਂ ਰੱਖੀਆਂ।

ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਤਰਫ਼ੋਂ ਐਸ.ਪੀ. ਸ. ਹਰਮੀਤ ਸਿੰਘ ਹੁੰਦਲ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ ਤੇ ਤਹਿਸੀਲਦਾਰ ਸ੍ਰੀ ਸੰਦੀਪ ਸਿੰਘ ਨੇ ਵੀ ਰੀਥਾਂ ਰੱਖਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਤੋਂ ਇਲਾਵਾ ਪੀ.ਪੀ.ਐਸ. ਸਕੂਲ ਨਾਭਾ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੇ ਵੀ ਰੀਥਾਂ ਰੱਖਕੇ ਸ਼ਰਧਾਂਜਲੀ ਭੇਟ ਕੀਤੀ।


Shyna

Content Editor

Related News