ਲੁੱਟ-ਖੋਹ ਦੀ ਸਾਜ਼ਿਸ਼ ਨਾਕਾਮ, ਪੰਜ ਮੁਲਜ਼ਮ ਤੇਜ਼ਧਾਰ ਹਥਿਆਰ ਸਣੇ ਕਾਬੂ

Thursday, Jul 30, 2026 - 05:26 PM (IST)

ਲੁੱਟ-ਖੋਹ ਦੀ ਸਾਜ਼ਿਸ਼ ਨਾਕਾਮ, ਪੰਜ ਮੁਲਜ਼ਮ ਤੇਜ਼ਧਾਰ ਹਥਿਆਰ ਸਣੇ ਕਾਬੂ

ਫ਼ਰੀਦਕੋਟ (ਰਾਜਨ) : ਸਦਰ ਫ਼ਰੀਦਕੋਟ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਇਸ ਸਬੰਧੀ ਪੰਜਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਾਜ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਪਾਰਟੀ ਪਿੰਡ ਰਾਜੋਵਾਲਾ ਤੋਂ ਕੁਝ ਦੂਰੀ ’ਤੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਤੋਂ ਪਿੰਡ ਹਰਦਿਆਲੇਆਣਾ ਨੂੰ ਜਾਂਦੀ ਸੜਕ ’ਤੇ ਪੁੱਜੀ ਤਾਂ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ, ਜੋ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ, ਇਸ ਸਮੇਂ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ ਤੋਂ ਹਰਦਿਆਲੇਆਣਾ ਨੂੰ ਜਾਂਦੀ ਸੜਕ ਨੇੜੇ ਸੁੰਨਸਾਨ ਥਾਂ ’ਤੇ ਹਥਿਆਰਾਂ ਸਮੇਤ ਇਕੱਠੇ ਹੋ ਕੇ ਲੁੱਟ ਦੀ ਯੋਜਨਾ ਬਣਾ ਰਹੇ ਹਨ।

ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਲਖਵੀਰ ਸਿੰਘ ਉਰਫ਼ ਗੱਗੂ, ਰਣਜੀਤ ਸਿੰਘ ਉਰਫ਼ ਗੋਖੀ, ਜਸਵੀਰ ਸਿੰਘ ਉਰਫ਼ ਜੱਸਾ ਵਾਸੀਆਨ ਪਿੰਡ ਭਾਗਥਲਾ ਕਲਾਂ, ਆਕਾਸ਼ਦੀਪ ਸਿੰਘ ਉਰਫ਼ ਦੀਪ ਵਾਸੀ ਪਿੰਡ ਭਾਗਥਲਾ ਖੁਰਦ ਅਤੇ ਚਰਨਦਾਸ ਉਰਫ਼ ਮੋਨੂੰ ਵਾਸੀ ਪਿੰਡ ਮਚਾਕੀ ਕਲਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਲੋਹੇ ਦਾ ਕਾਪਾ, ਇਕ ਲੋਹੇ ਦਾ ਖੰਡਾ, ਦੋ ਗੰਡਾਸੀਆਂ ਅਤੇ ਇਕ ਲੋਹੇ ਦੀ ਪਾਈਪ, ਜਿਸ ਵਿਚ ਅੱਧੀ ਗਰਾਰੀ ਫਿੱਟ ਸੀ, ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਸਾਰੇ ਤੇਜ਼ਧਾਰ ਹਥਿਆਰ ਕਬਜ਼ੇ ਵਿਚ ਲੈ ਕੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News