ਗੁਰਦਾਸਪੁਰ ’ਚ ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਧੜੱਲੇ ਨਾਲ ਵਿਕ ਰਹੀਆਂ ਮਿਆਦ ਪੁੱਗ ਚੁੱਕੀਆਂ ਵਸਤੂਆਂ

Sunday, Jun 11, 2023 - 06:29 PM (IST)

ਗੁਰਦਾਸਪੁਰ ’ਚ ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਧੜੱਲੇ ਨਾਲ ਵਿਕ ਰਹੀਆਂ ਮਿਆਦ ਪੁੱਗ ਚੁੱਕੀਆਂ ਵਸਤੂਆਂ

ਗੁਰਦਾਸਪੁਰ (ਵਿਨੋਦ)- ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹਰ ਖਾਣ ਵਾਲੀ ਵਸਤੂ, ਜੋ ਪੈਕਟ ’ਚ ਵਿਕਦੀ ਹੈ, ਉਸ 'ਤੇ ਤਿਆਰ ਕਰਨ ਅਤੇ ਵੇਚਣ ਦੀ ਅੰਤਿਮ ਮਿਆਦ ਦੀ ਮਿਤੀ ਲਿਖਣਾ ਜ਼ਰੂਰੀ ਹੈ। ਇਸ ਤਰ੍ਹਾਂ ਉਸ ਪੈਕਟ ’ਚ ਪੈਂਕਿੰਗ ਵੀ ਬਿਹਤਰ ਢੰਗ ਨਾਲ ਹੋਣੀ ਜ਼ਰੂਰੀ ਹੈ ਤਾਂ ਕਿ ਉਸ ਦੇ ਖਾਣ ਨਾਲ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਪਰ ਜ਼ਿਲ੍ਹਾ ਗੁਰਦਾਸਪੁਰ ਇਸ ਸਮੇਂ ਮਿਆਦ ਖ਼ਤਮ ਹੋ ਚੁੱਕੀ ਅਤੇ ਘਟੀਆ ਪੱਧਰ ਦੀਆਂ ਚੀਜ਼ਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਿਕਰੀ ਪੇਂਡੂ ਖੇਤਰਾਂ ’ਚ ਜ਼ਿਆਦਾ ਹੋ ਰਹੀ ਹੈ। ਇੱਥੋਂ ਲੋਕਾਂ ਨੂੰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਹੀ ਨਹੀਂ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ

ਸਿਰਫ਼ 5 ਫ਼ੀਸਦੀ ਲੋਕ ਹੀ ਕਰਦੇ ਹਨ ਚੀਜ਼ਾਂ ਦੀ ਮਿਆਦ ਦੀ ਜਾਂਚ

ਜ਼ਿਲ੍ਹਾ ਗੁਰਦਾਸਪੁਰ ’ਚ ਜੇਕਰ ਕੋਈ ਵਿਅਕਤੀ ਪੈਕਟ ’ਚ ਚੀਜ਼ਾਂ ਖ਼ਰੀਦਦਾ ਹੈ ਤਾਂ ਸਿਰਫ਼ 5 ਫ਼ੀਸਦੀ ਲੋਕ ਹੀ ਇਹ ਜਾਂਚ ਕਰਦੇ ਹਨ ਕਿ ਉਹ ਜੋ ਚੀਜ਼ ਖ਼ਰੀਦ ਰਹੇ ਹਨ, ਉਸ ਨੂੰ ਤਿਆਰ ਕਰਨ ਦੀ ਮਿਤੀ ਕੀ ਸੀ ਅਤੇ ਕਿਸ ਤਰੀਖ ਤੱਕ ਇਸ ਨੂੰ ਬਾਜ਼ਾਰ ’ਚ ਵੇਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦਵਾਈਆਂ ’ਤੇ ਦਵਾਈ ਬਣਾਉਣ ਦੀ ਮਿਤੀ ਅਤੇ ਉਸ ਦੀ ਮਿਆਦ ਪੁੱਗਣ ਦੀ ਮਿਤੀ ਵੀ ਲਿਖੀ ਹੁੰਦੀ ਹੈ। ਮਿਆਦ ਪੁੱਗ ਚੁੱਕੀਆਂ ਦਵਾਈਆਂ, ਬਿਸਕੁਟ, ਮੈਗੀ, ਚਿਪਸ, ਕੋਲਡ ਡ੍ਰਿੰਕਸ, ਆਚਾਰ, ਮੁਰੱਬਾ, ਚਟਣੀਆਂ, ਫਰੋਜ਼ਨ ਫੂਡ ਆਈਟਮਾਂ, ਪੈਕਟਾਂ ਵਿਚ ਲੱਸੀ, ਦੁੱਧ, ਦੁੱਧ ਸਮੇਤ ਹੋਰ ਕਈ ਵਸਤੂਆਂ ਸ਼ਾਮਲ ਹਨ। ਜਦੋਂਕਿ ਆਟੇ ਦੀ ਬਣੀ ਬਰੈੱਡ ’ਤੇ ਇਸ ਨੂੰ ਬਣਾਉਣ ਦੀ ਮਿਤੀ ਅਤੇ ਵੇਚਣ ਦੀ ਤਰੀਖ਼ ਨਹੀਂ ਲਿਖੀ ਜਾਂਦੀ ਪਰ ਇਹ ਵੱਧ ਤੋਂ ਵੱਧ 6 ਦਿਨਾਂ ਦੇ ਅੰਦਰ ਖਾਣ ਦੇ ਯੋਗ ਹੀ ਹੈ ਪਰ ਇਹੀ ਚੀਜ਼ ਮਾਰਕੀਟ ’ਚ ਖ਼ਾਸ ਕਰ ਕੇ ਜ਼ਿਲ੍ਹਾ ਗੁਰਦਾਸਪੁਰ ’ਚ ਵੱਡੇ ਸਟੋਰਾਂ ’ਚ ਵਿਕ ਰਹੀ ਹੈ। ਵੱਡੀਆਂ ਕੰਪਨੀਆਂ ਵੀ ਇਸ ਕੰਮ ਲਈ ਜ਼ਿਲ੍ਹਾ ਗੁਰਦਾਸਪੁਰ ਨੂੰ ਸਭ ਤੋਂ ਸੁਰੱਖਿਅਤ ਮਾਰਕੀਟ ਮੰਨਦੀਆਂ ਹਨ।

ਇਹ ਵੀ ਪੜ੍ਹੋ- ਪਠਾਨਕੋਟ 'ਚ ਹੋਏ ਪਤੀ-ਪਤਨੀ ਦੇ ਕਤਲ ਮਾਮਲੇ 'ਚ CCTV ਜ਼ਰੀਏ ਹੋਇਆ ਵੱਡਾ ਖ਼ੁਲਾਸਾ, ਨੌਕਰ ਨਿਕਲਿਆ ਕਾਤਲ

ਵੱਡੀਆਂ ਕੰਪਨੀਆਂ ਮਿਆਦ ਪੁੱਗਦੀ ਦੇਖ ਸਟਾਕ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਬਾਜ਼ਾਰ ’ਚ ਅੱਧੇ ਰੇਟ ’ਤੇ ਦਿੰਦੀਆਂ ਹਨ ਵੇਚ

ਜਦੋਂ ਵੱਡੀਆਂ ਕੰਪਨੀਆਂ ਕੋਲ ਬਹੁਤ ਸਾਰਾ ਸਟਾਕ ਹੁੰਦਾ ਹੈ ਅਤੇ ਉਨ੍ਹਾਂ ਦੀ ਵਿਕਰੀ ਦੀ ਮਿਆਦ ਪੁੱਗਣ ਵਾਲੀ ਹੁੰਦੀ ਹੈ ਤਾਂ ਉਹ ਆਪਣੇ ਸਟਾਕ ਨੂੰ ਬਰਬਾਦ ਹੁੰਦੇ ਦੇਖ ਕੇ ਅੱਧੇ ਰੇਟ ’ਤੇ ਬਾਜ਼ਾਰ ’ਚ ਵੇਚ ਦਿੰਦੀਆਂ ਹਨ। ਖ਼ਾਸ ਕਰ ਕੇ ਉਨ੍ਹਾਂ ਦੁਕਾਨਾਂ ’ਤੇ ਜਿਨ੍ਹਾਂ ਦੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਹੈ। ਨਿਰਧਾਰਿਤ ਸਮੇਂ ਦੇ ਅੰਦਰ ਜੋ ਸਾਮਾਨ ਉੱਥੇ ਵੇਚਿਆ ਜਾਂਦਾ ਹੈ, ਉਹ ਠੀਕ ਹੈ ਪਰ ਜਦੋਂ ਉਹ ਬਚ ਜਾਂਦਾ ਹੈ, ਤਾਂ ਉਸ ਪੈਕੇਟ ਤੋਂ ਆਖ਼ਰੀ ਮਿਤੀ ਮਿਟਾ ਕੇ ਵੇਚ ਦਿੱਤਾ ਜਾਂਦਾ ਹੈ। ਆਮ ਲੋਕ ਖ਼ਾਸ ਕਰ ਕੇ ਛੋਟੇ ਬੱਚੇ ਇਸ ਚੀਜ਼ ਨੂੰ ਬੜੇ ਚਾਅ ਨਾਲ ਖਾਂਦੇ ਹਨ ਪਰ ਉਹ ਇਹ ਨਹੀਂ ਦੇਖਦੇ ਕਿ ਇਸ ਨੂੰ ਵੇਚਣ ਦਾ ਦੌਰ ਖ਼ਤਮ ਹੋ ਗਿਆ ਹੈ। ਇਹੀ ਹਾਲ ਔਰਤਾਂ ਦਾ ਹੈ, 2 ਪੈਕਟਾਂ ਵਾਲੀ ਮੁਫ਼ਤ ਸਕੀਮ ਦੇਖ ਕੇ ਲਾਲਚੀ ਹੋ ਜਾਂਦੀਆਂ ਹਨ ਪਰ ਇਹ ਨਹੀਂ ਦੇਖਦੀਆਂ ਕਿ ਜੋ ਸਾਮਾਨ ਉਹ ਸਸਤੇ ਭਾਅ ਖ਼ਰੀਦ ਰਹੇ ਹਨ, ਉਹ ਖਾਣ ਯੋਗ ਹੈ। ਦੁਕਾਨਦਾਰ ਗਾਹਕਾਂ ਨੂੰ ਲੁਭਾਉਣ ਲਈ ਇਹ ਸਾਮਾਨ ਵੇਚਦੇ ਹਨ ਅਤੇ ਆਪਣੇ ਨੁਕਸਾਨ ਤੋਂ ਬਚ ਜਾਂਦੇ ਹਨ। ਇਸ ਨਾਲ ਕੰਪਨੀਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਉਹ ਵੱਡੇ ਨੁਕਸਾਨ ਤੋਂ ਬਚਣ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡਦੀਆਂ ਹਨ।

ਇਹ ਵੀ ਪੜ੍ਹੋ-  ਪਾਵਰਕਾਮ ਨੇ ਬਿਜਲੀ ਚੋਰੀ ਦੇ ਫੜੇ 55 ਕੇਸ, ਵਿਭਾਗ ਨੇ ਲਾਇਆ ਲੱਖਾਂ ਰੁਪਏ ਜੁਰਮਾਨਾ

ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ : ਸਹਾਇਕ ਕਮਿਸ਼ਨਰ ਫੂਡ ਸੇਫ਼ਟੀ

ਇਸ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਡਾ. ਜੀ. ਐੱਸ. ਪੰਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਿਆਦ ਪੁਗਾ ਚੁੱਕੇ ਸਾਮਾਨ ਨੂੰ ਵੇਚਣਾ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੇਂ-ਸਮੇਂ ’ਤੇ ਅਜਿਹੇ ਸਾਮਾਨ ਦੀ ਜਾਂਚ ਕਰਦੇ ਰਹਿੰਦੇ ਹਾਂ ਪਰ ਸਟਾਫ਼ ਦੀ ਘਾਟ ਕਾਰਨ ਅਜਿਹਾ ਘਟੀਆ ਗੁਣਵੱਤਾ ਵਾਲਾ ਅਤੇ ਮਿਆਦ ਪੁੱਗ ਚੁੱਕਾ ਸਾਮਾਨ ਦੂਰ-ਦੁਰਾਡੇ ਦੇ ਇਲਾਕਿਆਂ ’ਚ ਵਿਕ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਸਾਡੇ ਧਿਆਨ ’ਚ ਆਇਆ ਹੈ ਅਤੇ ਇਸ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਪਰ ਇਸ ਮਾਮਲੇ ’ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਦਾ ਨਵਾਂ ਮਾਸਟਰ ਪਲਾਨ, ਹੁਣ ਐਂਬੂਲੈਂਸ ਸਵਾਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ

ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਇਸ ਸਬੰਧੀ ਸਖ਼ਤੀ ਕਰਨ ਦੀ ਲੋੜ

ਇਸ ਸਬੰਧੀ ਜਦੋਂ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਇਸ ਸਬੰਧੀ ਸਖ਼ਤੀ ਨਾਲ ਕੰਮ ਕਰਨ ਦੀ ਲੋੜ ਹੈ। ਡਾ. ਕੇ. ਐੱਸ. ਬੱਬਰ, ਬਾਲ ਰੋਗਾਂ ਦੇ ਮਾਹਿਰ ਪੀ. ਕੇ. ਮਹਾਜਨ, ਡਾ. ਅਨੰਨਿਆਂ ਬੱਬਰ, ਡਾ. ਪਾਇਲ ਅਰੋੜਾ ਅਨੁਸਾਰ ਮਿਆਦ ਪੁੱਗ ਚੁੱਕੀਆਂ ਵਸਤੂਆਂ ਨੂੰ ਵੇਚਣਾ ਕਾਨੂੰਨੀ ਜੁਰਮ ਹੈ ਕਿਉਂਕਿ ਇਸ ਦਾ ਮਨੁੱਖੀ ਜੀਵਨ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸਖ਼ਤੀ ਨਾਲ ਕੰਮ ਕਰਦਾ ਹੈ ਤਾਂ ਕੁਝ ਦਿਨ ਤਾਂ ਇਹ ਨਾਜਾਇਜ਼ ਧੰਦਾ ਬੰਦ ਹੋ ਜਾਂਦਾ ਹੈ ਪਰ ਕੁਝ ਦਿਨਾਂ ਬਾਅਦ ਫਿਰ ਪੁਰਾਣੀ ਖੇਡ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਰੋਕਣਾ ਜ਼ਰੂਰੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News