‘9 ਮਹੀਨਿਆਂ ਤੋਂ ਤਨਖ਼ਾਹ ਨਹੀਂ, ਕਿਸ ਤਰ੍ਹਾਂ ਪਾਲਾਂਗੇ ਪਰਿਵਾਰ’

08/22/2018 1:21:47 AM

ਹੁਸ਼ਿਆਰਪੁਰ,   (ਘੁੰਮਣ)-  ਪਿਛਲੇ ਕਰੀਬ 9 ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਜੰਗਲਾਤ ਕਾਮਿਆਂ ਵੱਲੋਂ ਸ਼ੁਰੂ ਕੀਤੀ ਗਈ ਹਡ਼ਤਾਲ ਅਤੇ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਇੰਨੇ ਲੰਮੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਵਰਕਰ ਅਤੇ ਉਨ੍ਹਾਂ ਦੇ ਪਰਿਵਾਰ ਫਾਕੇ ਕੱਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਵਣ ਮੰਡਲ ਅਫਸਰ ਨੂੰ ਲਿਖਤੀ ਮੰਗ-ਪੱਤਰ ਰਾਹੀਂ ਸੂਚਿਤ ਕਰਨ ਅਤੇ ਉਨ੍ਹਾਂ   ਵੱਲੋਂ ਤਨਖ਼ਾਹਾਂ ਰਿਲੀਜ਼ ਕਰਨ ਦੇ ਵਾਅਦੇ ਨੂੰ ਪੂਰਾ ਨਾ ਕਰਨ ਵਿਰੁੱਧ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਹਡ਼ਤਾਲ ਸਬੰਧੀ ਸੂਚਿਤ ਕਰਨ ’ਤੇ ਵੀ ਉਕਤ ਅਧਿਕਾਰੀ ਵੱਲੋਂ ਜੰਗਲਾਤ ਵਰਕਰਾਂ ਦੀਆਂ ਤਨਖਾਹਾਂ ਦੇਣ ਸਬੰਧੀ ਕੋਈ ਪਹਿਲ-ਕਦਮੀ ਨਹੀਂ ਕੀਤੀ ਗਈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਹਡ਼ਤਾਲ ਤਨਖ਼ਾਹਾਂ ਮਿਲਣ ਤੱਕ ਪੂਰਨ ਤੌਰ ’ਤੇ ਜਾਰੀ ਰਹੇਗੀ। 
ਅੱਜ ਦੀ ਰੈਲੀ ਵਿਚ ਪਵਨ ਕੁਮਾਰ ਪ੍ਰਧਾਨ, ਜੈ ਪਾਲ ਸਕੱਤਰ ਹੁਸ਼ਿਆਰਪੁਰ ਰੇਂਜ, ਗੁਰਮੀਤ ਸਿੰਘ, ਪਿਆਰੇ ਲਾਲ, ਅਮਰੀਕ ਸਿੰਘ ਵਣ ਰੇਂਜ ਹਰਿਆਣਾ, ਅਮਰਜੀਤ ਸਿੰਘ, ਬਲਜੀਤ ਸਿੰਘ, ਸਵਿੰਦਰ ਕੁਮਾਰ ਵਣ ਰੇਂਜ ਮਾਹਿਲਪੁਰ, ਸੁਰਿੰਦਰ ਪਾਲ, ਜੁਗਿੰਦਰ, ਜੈਪਾਲ ਰੇਂਜ ਢੋਲਬਾਹਾ, ਗੁਰਦਿਆਲ ਸਿੰਘ, ਅਜੈ ਕੁਮਾਰ, ਸੰਜੀਵ ਕੁਮਾਰ ਵਣ ਰੇਂਜ ਮਹਿੰਗਰੋਵਾਲ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਜਲਦ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਵਣ ਮੰਡਲ ਅਫਸਰ ਹੁਸ਼ਿਆਰਪੁਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।
ਹਰਿਆਣਾ, (ਨਲੋਆ, ਰਾਜਪੂਤ)-ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਵਰਕਰਜ਼ ਯੂਨੀਅਨ ਹਰਿਆਣਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ। ਜੰਗਲਾਤ ਵਰਕਰਜ਼ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਵਿਚ ਰੇਂਜ ਹਰਿਆਣਾ ਦੇ ਸਾਰੇ ਕੰਮ ਬੰਦ ਕਰਕੇ ਅੱਜ ਦੂਜੇ ਦਿਨ ਦਾ ਧਰਨਾ ਦਿੱਤਾ ਗਿਆ। ਇਹ ਹਡ਼ਤਾਲ ਵਣ ਮੰਡਲ ਹੁਸ਼ਿਆਰਪੁਰ ਦੀਆਂ ਸਾਰੀਆਂ ਰੇਂਜਾਂ ਵਿਚ ਕੰਮ ਮੁਕੰਮਲ ਬੰਦ ਕਰਕੇ ਆਪਣੇ ਰੇਂਜ ਦਫਤਰਾਂ ਵਿਚ ਆਪਣੀ ਹਾਜ਼ਰੀ ਦਿੱਤੀ। 
ਪ੍ਰਧਾਨ ਨੇ ਦੱਸਿਆ ਕਿ ਜਦੋਂ ਤੱਕ ਵਰਕਰਾਂ ਦੀਅਾਂ ਲੰਬੇ ਸਮੇਂ ਤੋਂ ਰੁਕੀਅਾਂ ਤਨਖਾਹਾਂ ਰਿਲੀਜ਼ ਨਾ ਕੀਤੀਅਾਂ, ਉਦੋਂ ਤੱਕ ਹਡ਼ਤਾਲ ਜਾਰੀ ਰਹੇਗੀ। ਇਸ ਮੌਕੇ ਅਮਰੀਕ ਸਿੰਘ, ਸੇਵਾ ਸਿੰਘ, ਪਿਆਰੇ ਲਾਲ, ਵਰਿੰਦਰ, ਰਾਜ ਕੁਮਾਰ ਅਤੇ ਹੋਰ ਵਰਕਰ ਸ਼ਾਮਲ ਸਨ ।


Related News