ਸਿਰਫ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੀ ਤਨਖਾਹ, ਬਾਕੀਆਂ ਨੂੰ ਕਰਨੀ ਪਵੇਗੀ ਉਡੀਕ
Sunday, Jul 01, 2018 - 06:25 AM (IST)
ਲੁਧਿਆਣਾ, (ਹਿਤੇਸ਼)- ਸਰਕਾਰ ਦੀ ਮਦਦ ਨਾ ਮਿਲਣ ਕਾਰਨ ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ ਲਗਾਤਾਰ ਬਕਾਇਆ ਹੁੰਦੀ ਜਾ ਰਹੀ ਹੈ, ਜਿਸ ਦੇ ਤਹਿਤ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਭੇਜੇ ਗਏ 16 ਕਰੋੜ ਰੁਪਏ ਨਾਲ ਸਿਰਫ ਦਰਜਾ ਚਾਰ ਮੁਲਾਜ਼ਮਾਂ ਨੂੰ ਹੀ ਮਈ ਦੀ ਤਨਖਾਹ ਮਿਲ ਸਕੀ ਹੈ। ਵੈਸੇ ਤਾਂ ਚੁੰਗੀ ਦੀ ਵਸੂਲੀ ਬੰਦ ਹੋਣ ਤੋਂ ਬਾਅਦ ਤੋਂ ਹੀ ਨਗਰ ਨਿਗਮ ਦੀ ਆਰਥਿਕ ਗੱਡੀ ਪਟੜੀ ਤੋਂ ਉੱਤਰੀ ਹੋਈ ਹੈ ਪਰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਹੋਰ ਜ਼ਿਆਦਾ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਪਹਿਲਾਂ ਕੇਂਦਰ ਤੋਂ ਜੋ ਜੀ. ਐੱਸ. ਟੀ. ਕੁਲੈਕਸ਼ਨ ਦਾ ਪੈਸਾ ਦੇਰ ਨਾਲ ਮਿਲ ਰਿਹਾ ਹੈ ਅਤੇ ਫਿਰ ਸੂਬਾ ਸਰਕਾਰ ਵੱਲੋਂ ਪੈਸਾ ਨਗਰ ਨਿਗਮ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਦਾ ਨਤੀਜਾ ਇਹ ਹੋਇਆ ਕਿ ਨਗਰ ਨਿਗਮ ਮੁਲਾਜ਼ਮਾਂ ਨੂੰ ਦੋ ਮਹੀਨੇ ਤੱਕ ਤਨਖਾਹ ਨਹੀਂ ਮਿਲ ਰਹੀ, ਜਿਸ ਕਾਰਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਘਰ ਦਾ ਖਰਚ ਚਲਾਉਣ ਵਿਚ ਦਿੱਕਤ ਹੋ ਰਹੀ ਹੈ, ਜਿਸ ਵਿਚ ਬੱਚਿਆਂ ਦੇ ਸਕੂਲ ਦੀ ਫੀਸ ਅਤੇ ਬੈਂਕ ਲੋਨ ਦੀਆਂ ਕਿਸ਼ਤਾਂ ਜਮ੍ਹਾ ਨਾ ਹੋਣ ਦਾ ਪਹਿਲੂ ਮੁੱਖ ਰੂਪ ਨਾਲ ਸ਼ਾਮਲ ਹੈ। ਇਸ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਪੈੱਨ ਡਾਊਨ ਹੜਤਾਲ ਕਰਨ ਤੱਕ ਦੀ ਚਿਤਾਵਨੀ ਦਿੱਤੀ ਗਈ, ਜਿਨ੍ਹਾਂ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਮੇਅਰ ਨੇ 4 ਜੁਲਾਈ ਤੱਕ ਮਈ ਦੀ ਤਨਖਾਹ ਜਾਰੀ ਕਰਨ ਦਾ ਭਰੋਸਾ ਦੁਆਇਆ ਸੀ।
ਇਸ ਦੇ ਲਈ ਮੇਅਰ ਵੱਲੋਂ ਸਰਕਾਰ 'ਤੇ ਲਗਾਤਾਰ ਦਬਾਅ ਬਣਾਇਆ ਗਿਆ ਤਾਂ ਸਥਾਨਕ ਸਰਕਾਰਾਂ ਵਿਭਾਗ ਨੇ 16 ਕਰੋੜ ਜਾਰੀ ਕਰ ਦਿੱਤੇ, ਜਿਸ ਵਿਚੋਂ ਦਰਜਾ ਚਾਰ ਮੁਲਾਜ਼ਮਾਂ ਨੂੰ ਮਈ ਤੱਕ ਦੀ ਤਨਖਾਹ ਮਿਲ ਸਕੀ ਹੈ ਅਤੇ ਬਾਕੀ ਮੁਲਾਜ਼ਮਾਂ ਨੂੰ ਹਾਲ ਦੀ ਘੜੀ ਉਡੀਕ ਕਰਨੀ ਪਵੇਗੀ।
ਲੋਨ ਦੀਆਂ ਕਿਸ਼ਤਾਂ ਦੇਣ ਵਿਚ ਨਿਕਲ ਗਏ 4 ਕਰੋੜ
ਸਰਕਾਰ ਵੱਲੋਂ ਜਾਰੀ ਕੀਤੇ ਗਏ 16 ਕਰੋੜ ਵਿਚੋਂ 4 ਕਰੋੜ ਰੁਪਏ ਤਾਂ ਬੈਂਕ ਲੋਨ ਦੀਆਂ ਕਿਸ਼ਤਾਂ ਦੇਣ ਵਿਚ ਨਿਕਲ ਗਏ ਹਨ। ਇਹ ਲੋਨ ਵਿਕਾਸ ਕਾਰਜਾਂ ਲਈ ਲਿਆ ਗਿਆ ਸੀ ਜਿਸ ਦੀ ਹਰ ਕੁਆਰਟਰਲੀ ਕਿਸ਼ਤ ਦੇਣੀ ਪੈਂਦੀ ਹੈ।
